
ਢੀਂਡਸਾ ਦੇ ਫ਼ੈਸਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਅਹਿਦ
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਨਾਲੋਂ ਪਾਰਟੀ ਦੇ ਮੁਢਲੇ ਸਿਧਾਂਤਾਂ ਦੀ ਬੇਕਦਰੀ ਖਿਲਾਫ਼ ਤੋੜ-ਵਿਛੋੜਾ ਕਰਨ ਵਾਲੇ ਢੀਂਡਸਾ ਪਰਵਾਰ ਵਲੋਂ ਸ਼ੁਰੂ ਕੀਤਾ ਸਿਧਾਂਤਕਵਾਦੀ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪਾਰਟੀ ਦੇ ਮੁਢਲੇ ਸਿਧਾਂਤਾਂ ਦੇ ਹਾਮੀ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਸਿਲਸਿਲਾ ਜਾਰੀ ਹੈ।
ਇਸੇ ਦੌਰਾਨ ਯੂਥ ਅਕਾਲੀ ਦਲ ਦੇ ਇਕ ਦਰਜਨ ਹੋਰ ਸੀਨੀਅਰ ਆਗੂਆਂ ਨੇ ਸਤਗੁਰ ਸਿੰਘ ਨਮੋਲ ਮੈਂਬਰ ਕੋਰ ਕਮੇਟੀ ਦੀ ਅਗਵਾਈ ਹੇਠ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫ਼ੈਸਲੇ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕੀਤਾ ਹੈ।
ਅਸਤੀਫ਼ੇ ਦੇਣ ਵਾਲੇ ਆਗੂਆਂ ਵਿਚ ਸਤਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਕੁਲਦੀਪ ਸਿੰਘ ਬੁੱਗਰ, ਗੁਰਵਿੰਦਰ ਸਿੰਘ ਗੋਗੀ, ਭੋਲਾ ਸਿੰਘ ਨਹਿਰੂ ਪ੍ਰਧਾਨ ਮਾਲਵਾ ਜੋਨ-2, ਗੁਰਸੇਵਕ ਸਿੰਘ ਮਨਿਆਣਾ ਮਾਲਵਾ ਜੋਨ ਮੀਤ ਪ੍ਰਧਾਨ, ਹਰਦੀਪ ਸਿੰਘ, ਕਮਲਜੀਤ ਸਿੰਘ ਹਥਨ ਮੈਂਬਰ ਕੋਰ ਕਮੇਟੀ, ਬਬਲੂ ਸਹਿਗਲ, ਧਰਮਿੰਦਰ ਸਿੰਘ ਰੱਤਾਖੇੜਾ ਮਾਲਵਾ ਮੀਤ ਪ੍ਰਧਾਨ ਦੇ ਨਾਂ ਸ਼ਾਮਲ ਹਨ।
ਇਸ ਤੋਂ ਇਲਾਵਾ ਕੁਲਵਿੰਦਰ ਘੁਮੰਣ, ਗੁਰਤੇਜ ਸਿੰਘ ਘਨੌੜ ਜੱਟਾਂ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਲੱਖੀ ਸਰਕਲ ਪ੍ਰਧਾਨ, ਦੀਪ ਬਡਰੁੱਖਾਂ, ਨਰਿੰਦਰ ਸਿੰਘ ਬਹਦਾਰਪੁਰ ਸਰਕਲ ਪ੍ਰਧਾਨ, ਪਰਮਿੰਦਰ ਸਿੰਘ ਜਾਰਜ, ਅਵਤਾਰ ਸਿੰਘ ਦੁੱਗਾਂ, ਈਸਵਰਮੀਤ ਸਿੰਘ ਮਿੱਠੂ, ਗੁਰਪ੍ਰੀਤ ਸਿੰਘ ਸੈਂਟੀ ਸਮੇਤ ਹੋਰ ਨੌਜਵਾਨ ਆਗੂਆਂ ਨੇ ਅਪਣੇ ਅਹੁਦਿਆ ਤੋਂ ਅਸਤੀਫ਼ੇ ਦੇ ਦਿਤੇ ਹਨ।
ਇਨ੍ਹਾਂ ਨੌਜਵਾਨ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ 'ਤੇ ਇਕੱਠੇ ਹੋ ਕੇ ਕਿਹਾ ਕਿ ਆਪਹੁਦਰੇ ਢੰਗ ਪੰਥ ਵਿਰੋਧੀ ਕਰਵਾਈਆਂ ਕਾਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਿਸੇ ਨੌਜਵਾਨ ਨੂੰ ਪ੍ਰਵਾਨ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਖਾਸ ਕਰ ਕੇ ਨੌਜਵਾਨਾਂ ਬੇਹੱਦ ਰੋਸ ਵਿਚ ਹਨ। ਇਨ੍ਹਾਂ ਨੌਜਵਾਨਾਂ ਨੇ ਐਲਾਨ ਕੀਤਾ ਕਿ ਸਮੁੱਚੇ ਨੌਜਵਾਨ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜੇ ਹਨ ਤੇ ਉਨਾਂ ਦੇ ਫ਼ੈਸਲੇ ਦੇ ਹੱਕ ਵਿਚ ਘਰ-ਘਰ ਜਾ ਕੇ ਪ੍ਰਚਾਰ ਕਰਨਗੇ।