
ਵੱਡੀ ਗਿਣਤੀ ਸਮਰਥਕਾਂ ਨਾਲ ਕੀਤੀ ਮੀਟਿੰਗ
ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਢੀਂਡਸਾ ਪਰਵਾਰ ਵਿਚਾਲੇ ਪਿਛਲੇ ਦਿਨਾਂ ਦੌਰਾਨ ਪਈ ਖਾਈ ਦਿਨੋਂ ਦਿਨ ਡੂੰਘੀ ਹੁੰਦੀ ਜਾ ਰਹੀ ਹੈ। ਦੋਵਾਂ ਧਿਰਾਂ ਵਲੋਂ ਇਕ-ਦੂਜੇ 'ਤੇ ਹਮਲਾ ਬੋਲਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿਤਾ ਜਾ ਰਿਹਾ। ਇਕ ਪਾਸੇ ਜਿੱਥੇ ਸੁਖਬੀਰ ਬਾਦਲ ਹਲਕੇ ਅੰਦਰ ਢੀਂਡਸਾ ਪਰਵਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਹਨ, ਉਥੇ ਹੀ ਢੀਂਡਸਾ ਪਰਵਾਰ ਨੇ ਵੀ ਅਪਣਾ ਦਮ-ਖਮ ਦਿਖਾਉਣਾ ਸ਼ੁਰੂ ਕਰ ਦਿਤਾ ਹੈ।
Photo
ਢੀਂਡਸਾ ਪਰਵਾਰ ਵਲੋਂ ਹਲਕੇ ਦੇ ਟਕਸਾਲੀ ਆਗੂਆਂ ਤੇ ਸਮਰਥਕਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਪਰਮਿੰਦਰ ਸਿੰਘ ਢੀਂਡਸਾ ਨੇ ਬਰਨਾਲਾ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਪੁਰਾਣੇ ਆਗੂਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਈ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ।
Photo
ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤੇ ਲੋਕ ਪੁਰਾਣੇ ਅਕਾਲੀ ਦਲ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ 80 ਫ਼ੀ ਸਦੀ ਲੋਕ ਅਕਾਲੀ ਦਲ ਨਾਲ ਹਨ ਜੋ ਸਾਡੇ ਵਿਚਾਰਾਂ ਨਾਲ ਵੀ ਸਹਿਮਤ ਹਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨਾ ਨਹੀਂ ਬਲਕਿ ਅਸੀਂ ਤਾਂ ਪਾਰਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਹਾਂ।
Photo
ੋਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 2 ਫ਼ਰਵਰੀ ਨੂੰ ਕੀਤੀ ਜਾਣ ਵਾਲੇ ਰੈਲੀ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਵਰਕਰਾਂ ਤਕ ਪਹੁੰਚ ਕਰਦੇ ਰਹਾਂਗੇ ਅਤੇ ਪੰਜਾਬ ਦੇ ਹਰ ਖੇਤਰ 'ਚ ਜਾ ਕੇ ਅਸੀਂ ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜਣ ਦਾ ਪ੍ਰੋਗਰਾਮ ਜਾਰੀ ਰੱਖਾਂਗੇ।
Photo
ਭਾਜਪਾ ਬਾਰੇ ਸ਼੍ਰੋਮਣੀ ਅਕਾਲੀ ਦਲ ਯੂ-ਟਰਨ ਬਾਰੇ ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਇਕ ਝੂਠ ਨੂੰ ਛੁਪਾਉਣ ਖ਼ਾਤਰ 100 ਝੂਠ ਬੋਲਣ ਦਾ ਭਾਗੀ ਬਣਦਾ ਜਾ ਰਿਹਾ ਹੈ। ਇਸ ਮੌਕੇ ਪਹੁੰਚੇ ਟਕਸਾਲੀ ਆਗੂਆਂ ਅਤੇ ਸਮਰਥਕਾਂ ਨੇ ਪਰਮਿੰਦਰ ਢੀਂਡਸਾ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਅਹਿਦ ਕਰਦਿਆਂ ਢੀਂਡਸਾ ਪਰਵਾਰ ਦੇ ਮਿਸ਼ਨ ਨਾਲ ਜੁੜ੍ਹੇ ਰਹਿਣ ਭਰੋਸਾ ਵੀ ਦਿਵਾਇਆ।