ਮਟੌਰ ਥਾਣਾ ਪੁਲਿਸ ਨੇ ਮੋਹਾਲੀ ਦੀ ਲੜਕੀ ਦੀ ਸ਼ਿਕਾਇਤ ਉਤੇ ਇਕ ਐਨਆਰਆਈ ਦੇ ਵਿਰੁਧ ਕੁਕਰਮ ਦਾ ਮਾਮਲਾ ਦਰਜ ਕੀਤਾ...
ਮੋਹਾਲੀ : ਮਟੌਰ ਥਾਣਾ ਪੁਲਿਸ ਨੇ ਮੋਹਾਲੀ ਦੀ ਲੜਕੀ ਦੀ ਸ਼ਿਕਾਇਤ ਉਤੇ ਇਕ ਐਨਆਰਆਈ ਦੇ ਵਿਰੁਧ ਕੁਕਰਮ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਮਾਮਲੇ ਵਿਚ ਪੁਲਿਸ ਨੇ ਐਨਆਰਆਈ ਦੇ ਤਿੰਨ ਦੋਸਤਾਂ ਨੂੰ ਵੀ ਧਾਰਾ 120ਬੀ ਵਿਚ ਨਾਮਜ਼ਦ ਕੀਤਾ ਹੈ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਲੜਕੀ ਨੇ ਅਪਣੇ ਨਾਲ ਸਮੂਹਿਕ ਕੁਕਰਮ ਹੋਣ ਦੀ ਸ਼ਿਕਾਇਤ 19 ਫਰਵਰੀ ਨੂੰ ਐਸਐਸਪੀ ਨੂੰ ਦਿਤੀ ਸੀ।
ਕੁਕਰਮ ਤਿੰਨ ਸਾਲ ਪਹਿਲਾਂ ਕੀਤਾ ਗਿਆ ਪਰ ਜਦੋਂ ਹੁਣ ਮੁਲਜ਼ਮ ਉਸ ਨੂੰ ਬਲੈਕਮੀਲ ਕਰਨ ਲੱਗੇ, ਤਾਂ ਉਸ ਨੇ ਸ਼ਿਕਾਇਤ ਦਿਤੀ ਹੈ। ਪੀੜਤਾ ਨੇ ਦੱਸਿਆ ਕਿ ਇਕ ਐਨਆਰਆਈ ਨੌਜਵਾਨ ਨੇ ਉਸ ਦੇ ਨਾਲ 2014 ਤੋਂ 2016 ਤੱਕ ਕੁਕਰਮ ਕੀਤਾ। ਹਾਲਾਂਕਿ ਪੁਲਿਸ ਕਿਸੇ ਦਾ ਨਾਮ ਨਹੀਂ ਦੱਸ ਰਹੀ ਹੈ ਪਰ ਸੂਤਰਾਂ ਦੇ ਮੁਤਾਬਕ ਨੌਜਵਾਨ ਦੀ ਪਹਿਚਾਣ ਜਸਵਿੰਦਰ ਦੇ ਤੌਰ ਉਤੇ ਹੋਈ ਹੈ। ਬਾਕੀ ਤਿੰਨ ਨੌਜਵਾਨ ਉਸ ਦੇ ਦੋਸਤ ਦੱਸੇ ਜਾ ਰਹੇ ਹਨ।
ਪੀੜਤਾ ਦੇ ਮੁਤਾਬਕ ਜਸਵਿੰਦਰ ਸਿੰਘ ਨੇ ਉਸ ਨੂੰ ਵਿਆਹ ਦਾ ਲਾਲਚ ਦੇ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਉਸ ਨਾਲ ਕੁਕਰਮ ਕੀਤਾ ਅਤੇ 2016 ਵਿਚ ਮੋਹਾਲੀ ਵਿਚ ਅਪਣੇ ਦੋਸਤਾਂ ਦੇ ਨਾਲ ਮਿਲ ਕੇ ਸਮੂਹਿਕ ਕੁਕਰਮ ਕੀਤਾ। ਪਰ ਹੁਣ ਉਹ ਉਸ ਨੂੰ ਬਲੈਕਮੀਲ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਜਸਵਿੰਦਰ ਐਨਆਰਆਈ ਨਹੀਂ ਹੈ, ਸਗੋਂ ਉਹ ਕੁਝ ਸਮੇਂ ਲਈ ਵਿਦੇਸ਼ ਘੁੰਮਣ ਗਿਆ ਸੀ।
ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਇਤ ਉਤੇ ਆਈਪੀਸੀ ਦੀ ਧਾਰਾ 376, 354, 328 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਦੋਂ ਕਿ ਉਸ ਦੇ ਦੋਸਤਾਂ ਨੂੰ 120ਬੀ ਵਿਚ ਨਾਮਜ਼ਦ ਕੀਤਾ ਗਿਆ ਹੈ।