
ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਦਾ ਮੰਗਿਆ ਹਿਸਾਬ
ਚੰਡੀਗੜ੍ਹ: ਚੱਲ ਰਹੇ ਬਜਟ ਇਜਲਾਸ ਦੌਰਾਨ ਪੰਜਾਬ ਦੀਆਂ ਸਿਆਸੀ ਧਿਰਾਂ ਵਿਚਾਲੇ ਸ਼ਬਦੀ ਜੰਗ ਲਗਾਤਾਰ ਜਾਰੀ ਹੈ। ਮਿਸ਼ਨ 2022 ਤਹਿਤ ਵਿਚਰ ਰਹੀਆਂ ਸਾਰੀਆਂ ਧਿਰਾਂ ਇਕ-ਦੂਜੇ ਨੂੰ ਠਿੱਬੀ ਲਾਉਣ ਦੇ ਮੂੜ ਵਿਚ ਹਨ। ਅਕਾਲੀ ਦਲ ਵੱਲੋਂ ਸਰਕਾਰ ਦੇ ਵਿਕਾਸ ਦਾਅਵਿਆਂ ਨੂੰ ਖੁੰਡਾ ਕਰਨ ਲਈ ਪੰਜਾਬ ਮੰਗਦਾ ਹੈ ਤਹਿਤ ਸਰਕਾਰ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਵੱਲ ਨਿਸ਼ਾਨਾ ਸਾਧਦਿਆਂ ਉਸ ਵੱਲੋਂ ਕੀਤੀਆਂ ਗ਼ਲਤੀਆਂ ਦਾ ਲੇਖਾ-ਜੋਖਾ ਚੇਤੇ ਕਰਵਾਇਆ ਹੈ।
Sunil Kumar Jakhar
ਸੁਨੀਲ ਜਾਖੜ ਨੇ ਅਕਾਲੀ ਦਲ ਤੇ ਭਾਜਪਾ ਨੂੰ 10 ਮਾਰਚ 2017 ਨੂੰ 31 ਹਜ਼ਾਰ ਕਰੋੜ ਰੁਪਏ ਦੇ ਫੂਡ ਸੈਟਲਮੈਂਟ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਅਕਾਲੀ ਦਲ ਕਹਿ ਰਹਿ ਹੈ ਕਿ ਪੰਜਾਬ ਮੰਗਦਾ ਹੈ ਜਵਾਬ, ਪਰ ਪੰਜਾਬ ਹਿਸਾਬ ਵੀ ਮੰਗਦਾ ਹੈ। ਉਨ੍ਹਾਂ ਕਿਹਾ ਕਿ ਜਦੋਂ 2017 ’ਚ ਵਿੱਤ ਮੰਤਰਾਲੇ ਨੇ 19000 ਕਰੋੜ ਰੁਪਏ ਦੀ ਪ੍ਰਿੰਸੀਪਲ ਦੇਣਦਾਰੀ ’ਚ 6000 ਕਰੋੜ ਰੁਪਏ ਕੇਂਦਰ ਸਰਕਾਰ ਦੁਆਰਾ ਦੇਣ ’ਤੇ ਸਹਿਮਤੀ ਦੇ ਦਿੱਤੀ ਸੀ ਤਾਂ ਫਿਰ ਉਸ ਵੇਲੇ ਦੇ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਕੀ ਮਜਬੂਰੀ ਸੀ ਕਿ ਉਸ ਨੇ ਪੰਜਾਬ ਦੇ ਸਿਰ ’ਤੇ 31000 ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ।
Sunil Jakhar
ਵਿੱਤ ਮੰਤਰਾਲੇ ਦੇ ਨਾਲ ਹੋਈ ਬੈਠਕ ਦੇ ਕਾਗਜ਼ ਦਿਖਾਉਂਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਭਾਜਪਾ ਦੇ ਨੇਤਾ ਦੁਸ਼ਯੰਤ ਗੌਤਮ, ਸ਼ਵੇਤ ਮਲਿਕ, ਤਰੁਣ ਚੁੱਘ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਕਿ ਕੀ ਉਸ ਸਮੇਂ ਅਕਾਲੀ ਦਲ ਨੇ ਪੰਜਾਬ ਦੀਆਂ ਜੜ੍ਹਾਂ ਨੂੰ ਵੱਢਣ ਦਾ ਕੰਮ ਕੀਤਾ ਜਾਂ ਫਿਰ ਇਸ ’ਚ ਭਾਜਪਾ ਦੇ ਨੇਤਾ ਸ਼ਾਮਲ ਸਨ।
Sunil Jakhar
ਜਾਖੜ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਲਾਹ ਦਿੱਤੀ ਕਿ ਅੱਜ ਵੀ ਉਹ ਆਪਣੇ ਪਾਪਾਂ ਨੂੰ ਧੋ ਸਕਦੇ ਹਨ। ਜੇ ਉਹ ਸਦਨ ’ਚ ਖੜ੍ਹੇ ਹੋ ਕੇ ਬਿਆਨ ਦੇਣ ਕਿ ਕਿਸ ਦੇ ਕਹਿਣ ’ਤੇ ਪੰਜਾਬ ਦੇ ਲੋਕਾਂ ’ਤੇ 31 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ 'ਤੇ ਤੋਹਮਤ ਲਾਉਣ ਤੋਂ ਪਹਿਲਾਂ ਅਕਾਲੀਆਂ ਨੂੰ ਆਪਣੇ ਰਾਜ ਦੌਰਾਨ ਕੀਤੀਆਂ ਗ਼ਲਤੀਆਂ ਨੂੰ ਯਾਦ ਕਰ ਲੈਣਾ ਚਾਹੀਦਾ ਹੈ।