
ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ...
ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਦੇ ਖਿਲਾਫ਼ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ।
ਉਥੇ ਹੀ ਦੋਵੇਂ ਲੱਤਾਂ ਪੋਲੀਓ ਨਾਲ ਖਰਾਬ ਹੋ ਚੁੱਕੀਆਂ ਹਨ ਪਰ ਕਿਸਾਨੀ ਅੰਦੋਲਨ ਦਾ ਜਨੂੰਨ ਇਸ ਨੌਜਵਾਨ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਲੱਤਾਂ ਤੋਂ ਅਪਾਹਜ ਨੌਜਵਾਨ ਦਿੱਲੀ ਮੋਰਚੇ ਵਿਚ ਪਹੁੰਚਣ ਲਈ ਆਪਣੀ ਟ੍ਰਾਈ ਸਾਇਕਲ ਨੂੰ ਚਲਾ ਕੇ 500 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ। ਦਰਅਸਲ 32 ਸਾਲਾ ਨੌਜਵਾਨ ਮਨੋਜ ਚੰਦਨ ਟ੍ਰਾਈ ਸਾਇਕਲ ਰਾਹੀਂ ਆਪਣਾ ਸਫ਼ਰ ਤੈਅ ਕਰੇਗਾ ਤਾਂ ਮਾਹਿਲਪੁਰ ਪਹੁੰਚਣ ‘ਤੇ ਨੌਜਵਾਨ ਨਾਲ ਗੱਲਬਾਤ ਕੀਤੀ ਗਈ।
Manoj Chandan
ਜਿੱਥੇ ਉਨ੍ਹਾਂ ਨੇ ਮੋਦੀ ਸਰਕਾਰ ਖਿਲਾਫ਼ ਭੜਾਸ ਕੱਢੀ ਉਥੇ ਹੀ ਨੌਜਵਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਕਿਸਾਨੀ ਸੰਘਰਸ਼ ਨਾਲ ਜੁੜਨਾ ਚਾਹੀਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਦਿੱਲੀ ਧਰਨੇ ਵਿਚ ਦੂਜੀ ਵਾਰ ਚੱਲਿਆ ਹਾਂ, ਇਸ ਤੋਂ ਪਹਿਲਾਂ ਮੈਂ 18 ਜਨਵਰੀ ਨੂੰ ਗਿਆ ਸੀ। ਨੌਜਵਾਨ ਨੇ ਕਿਹਾ ਕਿ ਮੈਂ ਧਰਨੇ ਵਿਚ ਇਸ ਲਈ ਜਾ ਰਿਹਾ ਹਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਜਦੋਂ ਅਪਾਹਜ ਲੋਕ ਦਿੱਲੀ ਮੋਰਚੇ ਉਤੇ ਜਾ ਰਹੇ ਹਨ ਤਾਂ ਅਸੀਂ ਆਪਣੇ ਘਰਾਂ ਵਿਚ ਕਿਉਂ ਬੈਠੀਏ।
Manoj Chandan
ਉਨ੍ਹਾਂ ਕਿਹਾ ਕਿ ਮੇਰੀ ਇਹੋ ਖੁਹਾਇਸ਼ ਹੈ ਕਿ ਕਿਸਾਨ ਭਰਾ ਜਲਦ ਤੋਂ ਜਲਦ ਕਿਸਾਨੀ ਮੋਰਚਾ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਆਉਣ। ਉਨ੍ਹਾਂ ਕਿਹਾ ਕਿ ਮੈਂ ਕਿਸਾਨੀ ਮੋਰਚੇ ਤੱਕ ਪਹੁੰਚ ਲਈ ਰੋਜ਼ਾਨਾ 80 ਤੋਂ 90 ਕਿਲੋਮੀਟਰ ਤੱਕ ਸਾਇਕਲ ਚਲਾ ਲੈਂਦਾ ਹਾਂ ਅਤੇ ਮੈਨੂੰ ਇੱਥੇ ਪਹੁੰਚਣ ਲਈ ਇਕ ਹਫ਼ਤੇ ਦਾ ਸਮਾਂ ਲੱਗੇਗਾ।