
ਉਗਰਾਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਬਰ ਜ਼ੁਲਮ ਖ਼ਿਲਾਫ ਡਟਣ ਦੀ ਪ੍ਰੇਰਨਾ ਦਿੰਦੀ ਹੈ।
ਨਵੀਂ ਦਿੱਲੀ : ਦਿੱਲੀ ਦੇ ਟਿਕਰੀ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ 'ਚ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ ਤੇ ਸੰਘਰਸ਼ ਅੰਦਰ ਡਟੇ ਰਹਿਣ ਦਾ ਅਹਿਦ ਲਿਆ ਗਿਆ। ਅੱਜ ਦੀ ਵਿਸ਼ਾਲ ਰੈਲੀ ਦੀ ਸ਼ੁਰੂਆਤ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਣ ਤੇ ਜੋਸ਼ੀਲੇ ਨਾਅਰੇ ਗੁੰਜਾਉਣ ਨਾਲ ਹੋਈ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਬਰ ਜ਼ੁਲਮ ਖ਼ਿਲਾਫ ਡਟਣ ਦੀ ਪ੍ਰੇਰਨਾ ਦਿੰਦੀ ਹੈ। ਇਹਨਾਂ ਸ਼ਹਾਦਤਾਂ ਦਾ ਦੌਰ ਲੋਕਾਂ ਦੇ ਹੱਕੀ ਸੰਗਰਾਮਾਂ ਦੇ ਇਤਿਹਾਸ ਅੰਦਰ ਅਜਿਹਾ ਸ਼ਾਨਾਂਮੱਤਾ ਅਧਿਆਏ ਹੈ ਜੋ ਕਿਰਤੀ ਜਮਾਤਾਂ ਦੇ ਆਗੂਆਂ ਦੀ ਦਲੇਰੀ, ਸਬਰ, ਸਿਦਕ ਤੇ ਆਪਾਵਾਰੂ ਭਾਵਨਾ ਦੀ ਲਾਸਾਨੀ ਮਿਸਾਲ ਬਣਦਾ ਹੈ।
photoਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਾਂ ਅੰਦਰ ਮੁਲਕ ਦੇ ਕਿਸਾਨ ਅੱਜ ਦੇ ਦਿਹਾੜੇ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਰਹੇ ਹਨ। ਉਨ੍ਹਾਂ ਮੋਦੀ ਹਕੂਮਤ ਵੱਲੋ ਲੋਕਾਂ ਦੀ ਹੱਕੀ ਆਵਾਜ਼ ਨਜ਼ਰਅੰਦਾਜ਼ ਕਰਨ ਦੇ ਰਵੱਈਏ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਦੇਸੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਦੀ ਸੇਵਾ ਕਰਨ ਦਾ ਵਚਨ ਦੇ ਕੇ ਸੱਤਾ ਸੰਭਾਲਣ ਵਾਲੀ ਮੋਦੀ ਸਰਕਾਰ ਆਪਣਾ ਵਚਨ ਪੁਗਾ ਰਹੀ ਹੈ ਤੇ ਲੋਕਾਂ ਨਾਲ ਗੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ।
Rajnath Singh and PM Modiਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤੀਆਂ ਸੋਧਾਂ ਇਨ੍ਹਾਂ ਕਾਨੂੰਨਾਂ ਦੇ ਤੱਤ ਅੰਦਰ ਕੋਈ ਫ਼ਰਕ ਪਾਉਣ ਵਾਲੀਆਂ ਨਹੀਂ ਹਨ ਸਗੋਂ ਇਹ ਤਿੰਨੋਂ ਕਨੂੰਨ ਇੱਕ ਦੂਜੇ ਨਾਲ ਜੁੜ ਕੇ ਬੱਝਵਾਂ ਹਮਲਾ ਬਣਦੇ ਹਨ। ਇਨ੍ਹਾਂ ਨੂੰ ਰੱਦ ਕਰਨ ਦਾ ਅਰਥ ਖੇਤੀ ਜਿਣਸਾਂ ਦੀ ਮੰਡੀ ਅੰਦਰ ਕਾਰਪੋਰੇਟਾਂ ਦੇ ਦਾਖ਼ਲੇ ਦਾ ਰਾਹ ਬੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੇ ਸਭਨਾਂ ਸੂਬਿਆਂ ਤੇ ਸਭਨਾਂ ਫ਼ਸਲਾਂ ਦੀ ਐੱਮ ਐੱਸ ਪੀ ਉੱਪਰ ਸਰਕਾਰੀ ਖ਼ਰੀਦ ਦਾ ਕਾਨੂੰਨੀ ਹੱਕ ਲੈਣ ਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ ਆਦਿ ਮੰਗਾਂ ਲਈ ਇਹ ਘੋਲ ਹੋਰ ਸਿਖਰਾਂ ਵੱਲ ਜਾਵੇਗਾ ।