
ਕੈਪਟਨ ਅਮਰਿੰਦਰ ਸਿੰਘ ਵਿਰੁਧ ਖ਼ਾਲਿਸਤਾਨ ਸਮਰਥਕਾਂ ਵਲੋਂ ਅਪਰੈਲ ਮਹੀਨੇ ਵਿਚ ਦਿਤੀਆਂ ਗਈਆਂ ਧਮਕੀਆਂ ਦੀ ਜਾਂਚ ਬੰਦ ਕਰਨ ਦੇ ਕੈਨੇਡਾ ਸਰਕਾਰ ਦੇ ਫ਼ੈਸਲੇ 'ਤੇ ਪਰਦਾਪੋਸ਼ੀ ਦਾ
ਚੰਡੀਗੜ੍ਹ, 23 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕੈਪਟਨ ਅਮਰਿੰਦਰ ਸਿੰਘ ਵਿਰੁਧ ਖ਼ਾਲਿਸਤਾਨ ਸਮਰਥਕਾਂ ਵਲੋਂ ਅਪਰੈਲ ਮਹੀਨੇ ਵਿਚ ਦਿਤੀਆਂ ਗਈਆਂ ਧਮਕੀਆਂ ਦੀ ਜਾਂਚ ਬੰਦ ਕਰਨ ਦੇ ਕੈਨੇਡਾ ਸਰਕਾਰ ਦੇ ਫ਼ੈਸਲੇ 'ਤੇ ਪਰਦਾਪੋਸ਼ੀ ਦਾ ਦੋਸ਼ ਲਾਉਂਦਿਆਂ ਪੰਜਾਬ ਕਾਂਗਰਸ ਨੇ ਅੱਜ ਕੇਂਦਰ ਸਰਕਾਰ ਕੋਲੋਂ ਇਸ ਮਾਮਲੇ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਉਠਾਉਣ ਦੀ ਮੰਗ ਕੀਤੀ ਹੈ।
ਪੰਜਾਬ ਕਾਂਗਰਸ ਦੇ ਨੇਤਾ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਰਮਨਜੀਤ ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵਲੋਂ ਇਸ ਮਾਮਲੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਖ਼ਲ ਦੀ ਮੰਗ ਕਰਨੀ ਚਾਹੀਦੀ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਸ ਮੁਲਕ ਦੀ ਧਰਤੀ ਵਰਤ ਕੇ ਮੁੱਖ ਮੰਤਰੀ ਨੂੰ ਸ਼ਰੇਆਮ ਤੇ ਸਿੱਧੀਆਂ ਧਮਕੀਆਂ ਦੇਣ ਵਾਲੇ ਦੋਸ਼ੀਆਂ ਨੂੰ ਖੁਲੇਆਮ ਘੁੰਮਣ ਦੀ ਇਜਾਜ਼ਤ ਨਾ ਮਿਲੇ।
ਇਨ੍ਹਾਂ ਨੇਤਾਵਾਂ ਨੇ ਸਿੱਖਜ਼ ਫ਼ਾਰ ਜਸਟਿਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਛਮੀ ਮੁਲਕ ਵਿਚ ਜਾਣ ਤੋਂ ਰੋਕਣ ਲਈ ਉਨ੍ਹਾਂ ਵਿਰੁਧ ਦਾਇਰ ਕੀਤੇ ਮਾਮੂਲੀ ਜਿਹੇ ਕੇਸ ਦੀ ਸਥਿਤੀ ਜਾਣਨ ਦੀ ਵੀ ਮੰਗ ਕੀਤੀ।
ਪੰਜਾਬ ਕਾਂਗਰਸ ਨੇ ਸਾਰੇ ਕੌਮਾਂਤਰੀ ਕੂਟਨੀਤਿਕ ਚੈਨਲਾਂ ਨੂੰ ਸਰਗਰਮ ਕਰਨ ਲਈ ਕਿਹਾ ਤਾਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਤਾਕਤਾਂ ਦੇ ਸਿਰ ਚੁੱਕਣ ਨੂੰ ਰੋਕਣ ਲਈ ਲੋੜੀਂਦੇ ਕਦਮ ਉਠਾਉਣ ਵਾਸਤੇ ਕੈਨੇਡਾ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਕੇਸ ਮੁੜ ਖੋਲ੍ਹਣ ਲਈ ਕਹਿਣਾ ਚਾਹੀਦਾ ਹੈ ਅਤੇ ਨਿਆਂ ਤੇ ਨਿਰਪੱਖਤਾ ਦੇ ਹਿੱਤ ਵਿਚ ਆਜ਼ਾਦ ਜਾਂਚ ਕਰਵਾਈ ਜਾਵੇ ਅਤੇ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਨਫ਼ਰਤ ਫੈਲਾਉਣ ਅਤੇ ਫੁੱਟ ਪਾਉਣ ਦਾ ਕੂੜ ਪ੍ਰਚਾਰ ਕਰਨ ਲਈ ਉਨ੍ਹਾਂ ਦੀ ਧਰਤੀ ਦੀ ਵਰਤੋਂ ਨਾ ਕੀਤੀ ਜਾਵੇ।
ਪ੍ਰੈੱਸ ਬਿਆਨ ਵਿੱਚ ਪੰਜਾਬ ਕਾਂਗਰਸ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੀਡਰਾਂ ਨੇ ਆਖਿਆ ਕਿ ਇਹ ਸਪੱਸ਼ਟ ਹੈ ਕਿ ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਵਲੋਂ ਗਲੋਬਲ-ਅਫ਼ੇਅਰਜ਼ ਕੈਨੇਡਾ ਕੋਲ ਦਰਜ ਕਰਵਾਈ ਰਸਮੀ ਸ਼ਿਕਾਇਤ ਬਾਰੇ ਸਹੀ ਜਾਂਚ ਨਹੀਂ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ 22 ਅਪ੍ਰੈਲ ਨੂੰ ਮਨਾਏ ਵਿਸਾਖੀ ਦਿਹਾੜੇ ਦੀਆਂ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਨ੍ਹਾਂ ਵੀਡੀਉਜ਼ ਵਿਚ ਕੈਨੇਡਾ ਦੀ ਧਰਤੀ ਤੋਂ ਗਰਮ ਖ਼ਿਆਲੀ ਸਿੱਖਾਂ ਵਲੋਂ ਦਿੱਤੇ ਜਾਂਦੇ ਨਫ਼ਰਤ ਭਰੇ ਭਾਸ਼ਨਾਂ ਦੀ ਲੜੀ ਵਜੋਂ ਖ਼ਾਲਿਸਤਾਨ ਸਮਰਥਕ ਧਮਕੀਆਂ ਦਿੰਦੇ ਦਿਸ ਰਹੇ ਹਨ।