
ਲੋਕ ਸਫ਼ਲਤਾ ਪਾਉਣ ਲਈ ਦੇਸ਼ - ਵਿਦੇਸ਼ ਤੋਂ ਉੱਚੀਆਂ ਡਿਗਰੀਆਂ ਹਾਸਲ ਕਰਦੇ ਹਨ ਪਰ ਦੁਨੀਆਂ ਵਿਚ ਅਜਿਹੇ ਵੀ ਕਈ ਸ਼ਖਸ ਹਨ
ਚੰਡੀਗੜ੍ਹ: ਲੋਕ ਸਫ਼ਲਤਾ ਪਾਉਣ ਲਈ ਦੇਸ਼ - ਵਿਦੇਸ਼ ਤੋਂ ਉੱਚੀਆਂ ਡਿਗਰੀਆਂ ਹਾਸਲ ਕਰਦੇ ਹਨ ਪਰ ਦੁਨੀਆਂ ਵਿਚ ਅਜਿਹੇ ਵੀ ਕਈ ਸ਼ਖਸ ਹਨ, ਜਿਨ੍ਹਾਂ ਨੇ ਸਕੂਲੀ ਪੜ੍ਹਾਈ ਨੂੰ ਜ਼ਿਆਦਾ ਤਵੱਜੋ ਨਾ ਦੇ ਕੇ ਅਪਣੇ ਹੁਨਰ ਨੂੰ ਨਿਖਾਰਿਆ ਅਤੇ ਕਾਮਯਾਬੀ ਹਾਸਲ ਕੀਤੀ। ਚੰਡੀਗੜ੍ਹ ਦੇ ਰਹਿਣ ਵਾਲੇ ਤਰਿਸ਼ਨੀਤ ਅਰੋੜਾ ਇਕ ਅਜਿਹੇ ਹੀ ਸ਼ਖਸ ਹਨ। ਤਰਿਸ਼ਨੀਤ ਅਰੋੜਾ ਨੇ ਕੰਪਿਊਟਰ ਦੀ ਪੜ੍ਹਾਈ ਕੀਤੇ ਬਿਨਾਂ ਹੀ ਐਥੀਕਲ ਹੈਕਿੰਗ ਵਿਚ ਖ਼ੁਦ ਨੂੰ ਇੰਨਾ ਕਾਮਯਾਬ ਬਣਾਇਆ ਕਿ ਹੁਣ ਉਨ੍ਹਾਂ ਦੇ 500 ਤੋਂ ਜ਼ਿਆਦਾ ਦੇਸ਼ਾਂ ਵਿਚ ਗ੍ਰਾਹਕ ਹਨ। Trishneet Aroraਹਾਲ ਹੀ ਵਿਚ ਤਰਿਸ਼ਨੀਤ ਦਾ ਨਾਮ ਫੋਰਬਸ ਲਿਸਟ ਵਿਚ ‘ਏਸ਼ੀਆ 30 ਅੰਡਰ 30’ ਵਿਚ ਸ਼ੁਮਾਰ ਹੋਇਆ ਹੈ। 25 ਸਾਲ ਦੇ ਤਰਿਸ਼ਨੀਤ ਅਰੋੜਾ ਖ਼ੁਦ ਦੀ ਸਾਈਬਰ ਸਿਕਿਉਰਿਟੀ ਫ਼ਰਮ ਟੀਏਸੀ ਦੇ ਸੀਈਓ ਹਨ। 2000 ਐਂਟਰੀਆਂ ਵਿਚੋਂ ਤਰਿਸ਼ਨੀਤ ਦਾ ਨਾਮ ਫੋਰਬਸ ਦੀ ਲਿਸਟ ਲਈ ਚੁਣਿਆ ਗਿਆ। ਚੋਣ ਕਮਿਸ਼ਨ, ਸੀਬੀਆਈ, ਪੰਜਾਬ ਪੁਲਿਸ, ਗੁਜਰਾਤ ਪੁਲਿਸ, ਰਿਲਾਇੰਸ ਇੰਡਸਟਰੀਜ਼ ਅਤੇ ਪੇਮੈਂਟ ਗੇਟਵੇਜ ਦਾ ਸਿਕਿਉਰਿਟੀ ਅਸੈਸਮੈਂਟ ਤਰਿਸ਼ਨੀਤ ਦੇ ਹੀ ਕੋਲ ਹੈ। ਤਰਿਸ਼ਨੀਤ ਨੇ ਵਿਚਕਾਰ ਹੀ ਸਕੂਲ ਦੀ ਪੜ੍ਹਾਈ ਛੱਡ ਦਿਤੀ ਸੀ ਅਤੇ ਕੰਪਿਊਟਰ ਦੀਆਂ ਬਾਰੀਕੀਆਂ ਨੂੰ ਸਿੱਖਣਾ ਸ਼ੁਰੂ ਕਰ ਦਿਤਾ ਸੀ।
Trishneet Aroraਤਰਿਸ਼ਨੀਤ ਅਰੋੜਾ ਨੇ ਇਕ ਇੰਟਰਵਿਊ ਦੌਰਾਨ ਦਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕੰਪਿਊਟਰ ਨਾਲ ਕਾਫ਼ੀ ਲਗਾਅ ਸੀ। ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਵੀਡੀਉ ਗੇਮ ਖੇਡਣ ਵਿਚ ਲਗਾਉਂਦੇ ਸਨ। ਉਨ੍ਹਾਂ ਦੇ ਜ਼ਿਆਦਾ ਦੇਰ ਤਕ ਗੇਮ ਖੇਡਣ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਚਿੰਤਾ ਰਹਿੰਦੀ ਸੀ। ਬੇਟੇ ਨੂੰ ਜ਼ਿਆਦਾ ਗੇਮ ਖੇਡਣ ਤੋਂ ਬਚਾਉਣ ਲਈ ਤਰਿਸ਼ਨੀਤ ਦੇ ਮਾਤਾ-ਪਿਤਾ ਵਾਰ - ਵਾਰ ਕੰਪਿਊਟਰ ਦਾ ਪਾਸਵਰਡ ਬਦਲ ਦਿੰਦੇ ਸਨ ਪਰ ਉਹ ਫਿਰ ਬਦਲੇ ਹੋਏ ਪਾਸਵਰਡ ਨੂੰ ਕਰੈਕ ਕਰ ਦਿੰਦਾ ਸੀ। ਬੇਟੇ ਦੀ ਇਹ ਖ਼ੂਬੀ ਵੇਖ ਕੇ ਤਰਿਸ਼ਨੀਤ ਦੇ ਪਿਤਾ ਵੀ ਕਾਫ਼ੀ ਹੈਰਾਨ ਸਨ।
Trishneet Arora ਬਾਅਦ ਵਿਚ ਉਨ੍ਹਾਂ ਦੇ ਹੁਨਰ ਨੂੰ ਅੱਗੇ ਵਧਣ ਲਈ ਤਰਿਸ਼ਨੀਤ ਦੇ ਮਾਤਾ-ਪਿਤਾ ਨੇ ਉਸ ਨੂੰ ਸਕੂਲ ਛੱਡਣ ਦੀ ਇਜਾਜ਼ਤ ਦੇ ਦਿਤੀ ਸੀ ਪਰ ਉਸ ਨੇ ਸਿੱਖਣਾ ਹਮੇਸ਼ਾ ਜਾਰੀ ਰੱਖਿਆ। ਸਕੂਲ ਵਿਚ ਫ਼ੇਲ ਹੋਣ 'ਤੇ ਉਸ ਦੇ ਮਾਤਾ - ਪਿਤਾ ਨੇ ਉਸ 'ਤੇ ਕਦੇ ਗੁੱਸਾ ਨਹੀਂ ਕੀਤਾ ਅਤੇ ਨਾ ਹੀ ਕਦੇ ਉਸ 'ਤੇ ਵਾਧੂ ਟਿਊਸ਼ਨ ਲੈਣ ਦਾ ਦਬਾਅ ਬਣਾਇਆ। ਅਪਣੀ ਕਾਮਯਾਬੀ ਦਾ ਸ਼੍ਰੇਅ ਤਰਿਸ਼ਨੀਤ ਅਪਣੇ ਮਾਤਾ - ਪਿਤਾ ਨੂੰ ਦਿੰਦੇ ਹਨ। ਸਕੂਲ ਛੱਡਣ ਤੋਂ ਬਾਅਦ ਤਰਿਸ਼ਨੀਤ ਦੇ ਸਿੱਖਣ ਦੀ ਸਮਰੱਥਾ ਕਈ ਗੁਣਾ ਵੱਧ ਗਈ। ਉਸ ਨੇ ਕੰਪਿਊਟਰ ਠੀਕ ਕਰਨ ਅਤੇ ਸਾਫ਼ਟਵੇਅਰ ਕਲੀਨਅਪ ਕਰਨ ਵਰਗੇ ਛੋਟੇ ਪ੍ਰੋਜੈਕਟਸ ਤੋਂ ਸ਼ੁਰੁਆਤ ਕੀਤੀ। ਅੱਜ ਤਰਿਸ਼ਨੀਤ ਦਾ ਸੁਪਨਾ ਅਪਣੀ ਕੰਪਨੀ ਨੂੰ ਇਕ ਬਿਲੀਅਨ ਡਾਲਰ ਸਾਈਬਰ ਸਿਕਿਉਰਿਟੀ ਕੰਪਨੀ ਵਿਚ ਬਦਲਣ ਦਾ ਹੈ।
Trishneet Aroraਫੋਰਬਸ ਦੀ ਸੂਚੀ ਵਿਚ ਨਾਮ ਆਉਣ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਤਰਿਸ਼ਨੀਤ ਨੇ ਇੰਟਰਵਿਊ ਵਿਚ ਦਸਿਆ ਕਿ ਹੁਣ ਉਨ੍ਹਾਂ ਦੇ ਸਾਹਮਣੇ ਸਿਕਿਉਰਿਟੀ ਨੂੰ ਲੈ ਕੇ ਨਵੀਂਆਂ - ਨਵੀਂਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ। ਤਰਿਸ਼ਨੀਤ ਦਾ ਕਹਿਣਾ ਹੈ ਕਿ ਜਿਵੇਂ - ਜਿਵੇਂ ਕੰਪਿਊਟਰ ਨੈੱਟਵਰਕ ਵੱਧ ਰਿਹਾ ਹੈ, ਉਵੇਂ-ਉਵੇਂ ਇਸ ਦੇ ਹੈਕ ਹੋਣ ਦੇ ਖ਼ਤਰੇ ਵੀ ਵੱਧ ਰਹੇ ਹਨ। ਇਨ੍ਹਾਂ ਖ਼ਤਰਿਆਂ ਦੀ ਰੋਕਥਾਮ ਲਈ ਟੀਏਸੀ ਸਿਕਿਉਰਿਟੀ ਅਪਣੇ ਵਿਸਥਾਰ ਵਿਚ ਲੱਗੀ ਹੋਈ ਹੈ। ਇਸ ਦੇ ਲਈ ਉਸ ਨੂੰ ਬਾਜ਼ਾਰ ਦੇ ਦਿੱਗਜ ਨਿਵੇਸ਼ਕਾਂ ਦਾ ਵੀ ਸਾਥ ਮਿਲ ਰਿਹਾ ਹੈ।