
ਪੰਜਾਬ ਕਲਾ ਪ੍ਰੀਸ਼ਦ ਸੈਕਟਰ 16 ਵਲੋਂ ਅੱਜ ਸ਼ਾਮ ਪੰਜਾਬੀਆਂ ਦਾ ਰਵਾਇਤੀ ਤਿਉਹਾਰ 'ਤੀਆਂ ਤੀਜ ਦੀਆਂ' ਮਨਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਰੋਜ਼ਾਨਾ ਸਪੋਕਸਮੈਨ ਦੇ ਸਹਾਇਕ...
ਚੰਡੀਗੜ੍ਹ, 22 ਜੁਲਾਈ (ਸਰਬਜੀਤ ਢਿੱਲੋਂ) : ਪੰਜਾਬ ਕਲਾ ਪ੍ਰੀਸ਼ਦ ਸੈਕਟਰ 16 ਵਲੋਂ ਅੱਜ ਸ਼ਾਮ ਪੰਜਾਬੀਆਂ ਦਾ ਰਵਾਇਤੀ ਤਿਉਹਾਰ 'ਤੀਆਂ ਤੀਜ ਦੀਆਂ' ਮਨਾਇਆ ਗਿਆ। ਇਸ ਸਮਾਗਮ ਦਾ ਉਦਘਾਟਨ ਰੋਜ਼ਾਨਾ ਸਪੋਕਸਮੈਨ ਦੇ ਸਹਾਇਕ ਸੰਪਾਦਕ ਬੀਬੀ ਨਿਮਰਤ ਕੌਰ ਵਲੋਂ ਰੰਧਾਵਾ ਆਡੀਟੋਰੀਅਮ 'ਚ ਸ਼ਮ੍ਹਾ ਰੋਸ਼ਨ ਕਰ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਵਲੋਂ ਧੀਆਂ ਦਾ ਤਿਉਹਾਰ ਤੀਜ ਮਨਾਉਣ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਨੇ ਕਲਾਕਾਰਾਂ ਨਾਲ ਗਿੱਧੇ ਵਿਚ ਵੀ ਹਿੱਸਾ ਲਿਆ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੀ ਫ਼ੇਅਰ ਪਰਸਨ ਸਤਿੰਦਰ ਸੱਤੀ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰਦੀ ਵੀ ਹਾਜ਼ਰ ਹੋਏ। ਉਨ੍ਹਾਂ ਨੇ ਕਲਾਕਾਰਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਉਤਰੀ ਜੋਨ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਸਮਾਗਮ ਵਿਚ ਵੱਡੀ ਗਿਣਤੀ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਇਸ ਮੌਕੇ ਗਰਲਜ਼ ਕਾਲਜ ਬਟਾਲਾ ਦੇ ਆਰ.ਐਸ. ਬਾਵਾ ਨੇ ਆਏ ਸਕੂਲਾਂ, ਕਾਲਜਾਂ ਅਤੇ ਨਾਰਥ ਜੋਨ ਪਟਿਆਲਾ ਦੇ ਕਲਾਕਾਰਾਂ ਨੇ ਵੀ ਗਿੱਧਾ ਅਤੇ ਤੀਆਂ ਦੇ ਤਿਉਹਾਰ 'ਤੇ ਬੋਲੀਆਂ ਤੇ ਗੀਤ ਗਾ ਕੇ ਸਰੋਤਿਆਂ ਨੂੰ ਕੀਲੀ ਰੱਖਿਆ। ਸਮਾਗਮ ਦੇ ਅਖ਼ੀਰ ਵਿਚ ਪੰਜਾਬ ਦੀ ਸਿਰਮੌਰ ਗਾਇਕ ਗੁਰਮੀਤ ਬਾਵਾ ਅਤੇ ਉਨ੍ਹਾਂ ਦੀਆਂ ਦੋ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਨੇ ਪ੍ਰਚਲੱਤ ਲੋਕ ਵੰਨਗੀਆਂ ਤੇ ਗੀਤ ਪੇਸ਼ ਕਰ ਕੇ ਦਰਸ਼ਕਾਂ ਦਾ ਦੇਰ ਸ਼ਾਮ ਤਕ ਖੂਬ ਮਨੋਰੰਜਨ ਕੀਤਾ। ਇਹ ਲੜਕੀਆਂ ਅਪਣੀ ਮਾਤਾ ਗੁਰਮੀਤ ਬਾਵਾ ਦੀ ਵਿਲੱਖਣ ਵਿਰਾਸਤ ਨੂੰ ਸੰਭਾਲ ਰਹੀਆਂ ਹਨ।
ਇਸ ਮੌਕੇ ਸਮਾਗਮ 'ਚ ਬੋਲਦਿਆਂ ਕਲਾ ਪ੍ਰੀਸ਼ਦ ਦੀ ਪ੍ਰਧਾਨ ਸਤਿੰਦਰ ਸੱਤੀ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਭਰ 'ਚ ਵੀ ਕਈ ਵੱਡੀ ਸ਼ਹਿਰਾਂ 'ਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਲਾ ਪ੍ਰੀਸ਼ਦ ਵਲੋਂ ਆਏ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।