
ਇਸ ਮੁੱਦੇ ਨੂੰ ਸੱਭ ਤੋਂ ਪਹਿਲਾਂ ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੁਕਿਆ ਸੀ, ਮਗਰੋਂ ਕਾਂਗਰਸੀ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਦਿਤਾ
ਚੰਡੀਗੜ੍ਹ, 3 ਮਈ (ਜੀ.ਸੀ. ਭਾਰਦਵਾਜ): ਪਿਛਲੇ ਇਕ ਹਫ਼ਤੇ ਤੋਂ 12ਵੀਂ ਦੀ ਇਤਿਹਾਸ ਦੀ ਕਿਤਾਬ 'ਚੋਂ ਗੁਰੂ ਇਤਿਹਾਸ, ਸਿੱਖ ਇਤਿਹਾਸ, ਖ਼ਾਲਸਾ ਪੰਥ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਐਂਗਲੋ ਸਿੱਖ ਯੁੱਧਾਂ ਦੇ ਵੇਰਵੇ ਕੱਢਣ ਕਰ ਕੇ ਚਲ ਰਹੇ ਵਿਵਾਦ 'ਤੇ ਕਾਂਗਰਸ ਅਤੇ ਵਿਰੋਧੀ ਧਿਰਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਲੀਡਰ, ਸਖ਼ਤ ਬਿਆਨਬਾਜ਼ੀ ਕਰ ਰਹੇ ਹਨ। ਇਸ ਮੁੱਦੇ ਨੂੰ ਸੱਭ ਤੋਂ ਪਹਿਲਾਂ ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਚੁਕਿਆ ਸੀ, ਮਗਰੋਂ ਕਾਂਗਰਸੀ ਮੁੱਖ ਮੰਤਰੀ ਨੇ ਸਪੱਸ਼ਟੀਕਰਨ ਦਿਤਾ ਪਰ ਇਹ ਮਾਮਲਾ ਠੰਢਾ ਹੋਣ ਦੀ ਬਜਾਏ ਗਰਮ ਹੋ ਗਿਆ ਹੈ ਕਿਉਂਕਿ ਇਹ ਵਿਸ਼ਾ ਹੁਣ ਮਾਹਰਾਂ, ਅਧਿਕਾਰੀਆਂ, ਬੁੱਧੀਜੀਵੀਆਂ ਦੇ ਹੱਥੋਂ ਨਿਕਲ ਕੇ ਸਿਆਸੀ ਤੇ ਧਾਰਮਕ ਭਾਵਨਾਵਾਂ ਨੂੰ ਟੁੰਬਦਾ ਹੋਇਆ ਆਮ ਲੋਕਾਂ ਦੇ ਬੁੱਲ੍ਹਾਂ 'ਤੇ ਆ ਗਿਆ ਹੈ। ਅੱਜ ਇਥੇ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਦਲ ਦੀ ਕੋਰ ਕਮੇਟੀ ਨੇ ਬੈਠਕ ਕਰ ਕੇ ਪੰਜਾਬ ਸਰਕਾਰ ਨੂੰ ਅਰਜੋਈ ਕੀਤੀ ਗਈ ਕਿ ਗ਼ਲਤੀ ਦਾ ਸੁਧਾਰ ਕਰ ਲਿਆ ਜਾਵੇ, ਨਵਾਂ ਸਿਲੇਬਸ ਵਾਪਸ ਲੈ ਕੇ ਪੁਰਾਣਾ ਕੋਰਸ ਹੀ ਲਾਗੂ ਕੀਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉੱਚ ਪਧਰੀ ਵਫ਼ਦ ਭਲਕੇ ਇਸ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ 11 ਮਈ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਵਿਚ ਅਕਾਲੀ ਦਲ ਦੇ ਅਹੁਦੇਦਾਰਾਂ, ਜ਼ਿਲ੍ਹਾ ਜਥੇਦਾਰਾਂ ਅਤੇ ਹੋਰ ਨੁਮਾਇੰਦਿਆਂ ਦੀ ਬੈਠਕ ਸੱਦੀ ਗਈ ਹੈ ਜਿਸ ਵਿਚ ਸਾਰੇ ਸੂਬੇ ਵਿਚ ਇਸ ਮੁੱਦੇ ਨੂੰ ਲੈ ਕੇ ਮੋਰਚਾ ਲਾਇਆ ਜਾਵੇਗਾ ਅਤੇ ਸੰਘਰਸ਼ ਵਿਢਿਆ ਜਾਵੇਗਾ।
Captain Amarinder Singh
ਅੱਜ ਦੀ ਬੈਠਕ ਵਿਚ ਸੀਨੀਅਰ ਆਗੂ ਤੇ ਐਮਪੀ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਮਹੇਸ਼ਇੰਦਰ ਗਰੇਵਾਲ, ਡਾ. ਦਲਜੀਤ ਚੀਮਾ, ਬਿਕਰਮ ਮਜੀਠੀਆ ਅਤੇ ਹੋਰ ਨੇਤਾ ਹਾਜ਼ਰ ਸਨ। ਬਾਦਲ ਨੇ ਦਸਿਆ ਕਿ ਪੰਜਾਬ ਨਾਲ ਜੁੜੇ ਗੁਰੂ ਇਤਿਹਾਸ, ਸਿੱਖ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਸਬੰਧੀ 22 ਚੈਪਟਰਾਂ ਨੂੰ 12ਵੀਂ ਕਲਾਸ ਦੇ ਸਿਲੇਬਸ 'ਚੋਂ ਕੱਢ ਕੇ 11ਵੀਂ ਜਮਾਤ ਵਿਚ ਲਿਆਂਦਾ ਗਿਆ ਹੈ ਅਤੇ ਸਿਰਫ਼ ਛੇ ਚੈਪਟਰਾਂ ਵਿਚ ਹੀ ਨਿਬੇੜ ਦਿਤਾ ਗਿਆ, 500 ਸਫ਼ਿਆਂ ਦੀ ਕਿਤਾਬ ਨੂੰ 90 ਸਫ਼ੇ ਵਿਚ ਸਮੇਟ ਦਿਤਾ ਗਿਆ, ਗੁਰੂਆਂ ਦੀਆਂ ਤਸਵੀਰਾਂ, ਤਖ਼ਤਾਂ ਤੇ ਹੋਰ ਚਿੱਤਰ ਖ਼ਤਮ ਕਰ ਕੇ ਹੁਣ ਕਾਂਗਰਸ ਬਾਰੇ ਅਧਿਆਏ ਜੋੜ ਦਿਤਾ ਗਿਆ ਹੈ। ਅਕਾਲੀ ਨੇਤਾਵਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰਾਂ ਪਹਿਲਾਂ ਵੀ ਸਿੱਖਾਂ ਦੀਆਂ ਦੁਸ਼ਮਣ ਰਹੀਆਂ ਹਨ, ਹੁਣ ਵੀ ਗੁਰੂਆਂ ਤੇ ਸਿੱਖ ਯੋਧਿਆਂ ਬਾਰੇ ਇਤਿਹਾਸ ਨੂੰ ਹੇਠਲਾ ਦਰਜਾ, ਪੰਜਾਬ ਸਰਕਾਰ ਦੇ ਰਹੀ ਹੈ ਜਿਸ ਨੂੰ ਸਿੱਖ ਕੌਮ ਤੇ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ 'ਤੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸਿਲੇਬਸ ਵਿਚ ਕੀਤੀ ਅਦਲਾ-ਬਦਲੀ ਦਾ ਗੰਭੀਰ ਸੁਨੇਹਾ ਪੰਜਾਬ ਅੰਦਰ, ਦੇਸ਼ ਅੰਦਰ ਅਤੇ ਵਿਦੇਸ਼ਾਂ ਵਿਚ ਵੀ ਫੈਲ ਗਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਗ਼ਲਤੀ ਮੰਨਣ ਦੀ ਥਾਂ 'ਤੇ ਸੁਧਾਰ ਕਰਨ ਦੀ ਉਪਰੋਂ-ਉਪਰੋਂ ਤਸੱਲੀ ਦੇ ਰਹੀ ਹੈ ਅਤੇ ਸਫ਼ਾਈ ਪੇਸ਼ ਕਰ ਰਹੀ ਹੈ।