
ਸਿਰਸਾ ਪੁਲਿਸ ਨੇ ਕਸਿਆ ਸਮਗਲਰਾਂ ਵਿਰੁਧ ਸ਼ਿਕੰਜਾ
ਸਿਰਸਾ, 3 ਮਈ (ਸੁਰਿੰਦਰ ਪਾਲ ਸਿੰਘ): ਸਿਰਸਾ ਦੇ ਉਪ ਪੁਲਿਸ ਕਪਤਾਨ ਡਾ: ਅਰੁਣ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਿਲਾਫ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ ਸਿਰਸਾ ਦੀ ਟੀਮ ਨੇ ਕਾਰ ਸਵਾਰ ਦੋ ਹੈਰੋਇਨ ਸਮਗਲਰਾਂ ਨੂੰ ਕਰੀਬ 14 ਲੱਖ ਰੁਪਏ ਦੀ 140 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀਆਈਏ ਸਿਰਸਾ ਦੀ ਗਸ਼ਤ ਅਤੇ ਚੈਕਿੰਗ ਦੌਰਾਨ ਮਹੱਤਵਪੂਰਨ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਡਿੰਗ ਮੋੜ ਖੇਤਰ ਵਿੱਚ ਦੋ ਕਾਰ ਸਵਾਰ ਨੌਜਵਾਨਾਂ ਨੂੰ ਕਰੀਬ 14 ਲੱਖ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਿਰਸਾ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਹਿਚਾਣ ਵਿਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 3 ਤਲਵਾੜਾ ਰੋਡ ਐਲਨਾਬਾਦ ਅਤੇ ਵੇਦ ਪ੍ਰਕਾਸ਼ ਉਰਫ ਤਾਰੀ ਪੁੱਤਰ ਸੋਹਨ ਲਾਲ ਵਾਸੀ ਗਲੀ ਨੰਬਰ 10 ਐਲਨਾਬਾਦ ਦੇ ਰੂਪ ਵਿੱਚ ਹੋਈ ਹੈ।
ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਤੋ ਸਪਲਾਇਰ ਦਾ ਨਾਮ ਪਤਾ ਕਰਕੇ ਤਿੰਨ ਵਿਅਕਤੀਆਂ ਦੇ ਖਿਲਾਫ ਥਾਣਾ ਡਿੰਗ ਵਿੱਚ ਨਸ਼ੀਲਾ ਪਦਾਰਥਾਂ ਦੀ ਧਾਰਾ 188 ਦੇ ਤਹਿਤ ਮਾਮਲਾ ਦਰਜ਼ ਕਰਕੇ ਪੁਲਿਸ ਨੇ ਸਪਲਾਇਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਦੱਸਿਆ ਦੀ ਸੀਆਈਏ ਸਿਰਸਾ ਦੇ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਕੋਵਿਡ 19 ਦੀ ਡਿਊਟੀ ਦੌਰਾਨ ਨਾਕਾਬੰਦੀ ਲਈ ਪੁਲਿਸ ਡਿੰਗ ਮੋੜ ਖੇਤਰ ਵਿੱਚ ਮੌਜੂਦ ਸੀ।
ਇਸੇ ਦੌਰਾਨ ਫਤਿਹਾਬਾਦ ਵੱਲੋਂ ਆ ਰਹੀ ਵਰਨਾ ਗੱਡੀ ਨੂੰ ਸ਼ੱਕ ਦੇ ਅਧਾਰ ਉੱਤੇ ਰੋਕ ਕੇ ਤਲਾਸ਼ੀ ਲੈਣ ਤੇ ਕਾਰ ਦੇ ਡੈਸ਼ ਬੋਰਡ ਵਿੱਚੋਂ 140 ਗਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋ ਮੁਢਲੀ ਪੁੱਛਗਿਛ ਵਿੱਚ ਪਤਾ ਚਲਿਆ ਹੈ ਕਿ ਇਹ ਹੈਰੋਇਨ ਐਲਨਾਬਾਦ ਅਤੇ ਰਾਣੀਆਂ ਅਤੇ ਸਿਰਸਾ ਖੇਤਰ ਵਿੱਚ ਸਪਲਾਈ ਕੀਤੀ ਜਾਣੀ ਸੀ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 14 ਲੱਖ ਰੁਪਏ ਅੰਕੀ ਗਈ ਹੇ।