
ਪਿਛਲੇ ਮਹੀਨੇ 19 ਤਰੀਕ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ 13 ਕਮੇਟੀਆਂ ਦੇ ਗਠਨ ਉਪਰੰਤ ਪੰਜਾਬ ਵਿਧਾਨ ਸਭਾ ਦੇ ਕੁਲ 117 ਵਿਧਾਇਕਾਂ
ਚੰਡੀਗੜ੍ਹ : ਪਿਛਲੇ ਮਹੀਨੇ 19 ਤਰੀਕ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ 13 ਕਮੇਟੀਆਂ ਦੇ ਗਠਨ ਉਪਰੰਤ ਪੰਜਾਬ ਵਿਧਾਨ ਸਭਾ ਦੇ ਕੁਲ 117 ਵਿਧਾਇਕਾਂ ’ਚੋਂ ਮੁੱਖ ਮੰਤਰੀ, 17 ਵਜ਼ੀਰਾਂ ਤੋਂ ਇਲਾਵਾ, ਇਕ ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਛੱਡ ਬਾਕੀ 97 ਵਿਧਾਇਕਾਂ ਨੂੰ ਕਮੇਟੀ ਬੈਠਕਾਂ ਰਾਹੀਂ ਲੱਖਾਂ ਦੇ ਭੱਤੇ ਲੈਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ।
Punjab Vidhan Sabha
ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਅਨੁਸਾਰ 29 ਮਈ ਸ਼ੁਕਰਵਾਰ ਅਤੇ 2 ਜੂਨ ਮੰਗਲਵਾਰ ਨੂੰ ਹੀ ਸਾਰੀਆਂ 13 ਕਮੇਟੀਆਂ ਦੇ ਸਭਾਪਤਨੀਆਂ ਨੇ ਇਸ ਸਾਲ ਦੀਆਂ ਪਲੇਠੀਆਂ ਬੈਠਕਾਂ ਚੰਡੀਗੜ੍ਹ ਵਿਧਾਨ ਸਭਾ ਕੰਪਲੈਕਸ ’ਚ ਨੀਯਤ ਸਮੇਂ ’ਤੇ ਬੁਲਾ ਕੇ ਹਜ਼ਾਰਾਂ-ਲੱਖਾਂ ਰੁਪਏ ਦੇ ਯਾਤਰਾ ਭੱਤਾ ਅਤੇ ਰੋਜ਼ਾਨਾ ਭੱਤਾ ਕਮਾਉਣ ਦੇ ਹੱਕਦਾਰ ਬਣ ਗਏ ਜਦਕਿ ਸਰਕਾਰੀ ਕੰਮ ਕੋਈ ਖ਼ਾਸ ਨਹੀਂ ਕੀਤਾ, ਕੇਵਲ ਮੈਂਬਰਾਂ ਨੇ ਹਾਜ਼ਰੀ ਰਜਿਸਟਰ ’ਚ ਦਸਤਖ਼ਤ ਕੀਤੇ ਅਤੇ ਮੂੰਹ ’ਤੇ ਪੱਟੀ ਬੰਨ੍ਹ ਕੇ ‘ਹੈਲੋ-ਹਾਇ’ ਹੀ, ਫ਼ਤਿਹ ਬੁਲਾਈ ਯਾਨੀ ਜਾਣ-ਪਛਾਣ ਹੀ ਕੀਤੀ।
Budget
ਸਰਕਾਰ ਦੇ ਖ਼ਜ਼ਾਨੇ ਅਤੇ ਵਿਧਾਨ ਸਭਾ ਦੇ ਬਜਟ ’ਤੇ ਇਨ੍ਹਾਂ ਬੈਠਕਾਂ ਨਾਲ ਬਿਨਾਂ ਕੰਮ ਤੋਂ ਲੱਖਾਂ ਦਾ ਭਾਰ ਪਿਆ। ਰੀਕਾਰਡ ਮੁਤਾਬਕ ਇਕ ਚੁਣੇ ਹੋਏ ਵਿਧਾਇਕ ਨੂੰ ਤਨਖ਼ਾਹ, ਹਲਕੇ ’ਚ ਕੰਮ ਕਰਨ, ਦਫ਼ਤਰ ਖ਼ਰਚੇ ਲਈ 84000 ਰੁਪਏ ਮਾਸਿਕ ਮਿਲਕੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ’ਚ ਬੈਠਕ ਦੀ ਇਕ ਹਾਜ਼ਰੀ ਭਰਨ ਵਾਸਤੇ ਤਿੰਨ ਦਿਨ ਦਾ ਭੱਤਾ ਯਾਨੀ 4500 ਰੁਪਏ ਅਤੇ ਪ੍ਰਤੀ ਕਿਲੋਮੀਟਰ ਗੱਡੀ ’ਚ ਆਉਣ-ਜਾਣ ਲਈ 15 ਰੁਪਏ ਖ਼ਰਚਾ ਵੀ ਮਿਲਦਾ ਹੈ।
Punjab Vidhan Sabha
ਜੇ ਕੋਈ ਵਿਧਾਇਕ ਅੰਮ੍ਰਿਤਸਰ, ਫ਼ਿਰੋਪੁਰ, ਫ਼ਾਜ਼ਿਲਕਾ, ਪਠਾਨਕੋਟ ਜਾਂ ਬਠਿੰਡਾ ਵਲ ਤੋਂ ਆਉੁਂਦਾ ਹੈ ਤਾਂ ਚੰਡੀਗੜ੍ਹ ਤੋਂ 200-250 ਕਿਲੋਮੀਟਰ ਦੂਰੀ ਨੂੰ, ਆਉਣ-ਜਾਣ ਲਈ, 15 ਰੁਪਏ ਪ੍ਰਤੀ ਕਿਲੋਮੀਟਰ ਨਾਲ ਗੁਣਾ ਕਰਨ ਬਰਾਬਰ ਦੀ ਰਕਮ ਅਤੇ 10-15 ਮਿੰਟ ਦੀ ਬੈਠਕ ਲਈ 1500 ਪ੍ਰਤੀ ਦਿਨ ਦੇ ਹਿਸਾਬ ਨਾਲ, ਤਿੰਨ ਦਿਨ ਦਾ ਭੱਤਾ 4500 ਰੁਪਏ ਹੋਰ ਮਿਲਦਾ ਹੈ। ਇਨ੍ਹਾਂ ਕਮੇਟੀਆਂ ਦੇ ਘੱਟੋ-ਘੱਟ 9 ਮੈਂਬਰ ਅਤੇ ਵੱਧ ਤੋਂ ਵੱਧ 13 ਮੈਂਬਰ ਹੁੰਦੇ ਹਨ ਅਤੇ ਬੈਠਕ ਕਰਨ ਲਈ ਤੀਜਾ ਹਿੱਸਾ ਗਿਣਤੀ ਯਾਨੀ ਤਿੰਨ ਜਾਂ 4 ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ।
AAP
ਦਿਲਚਸਪ ਤੇ ਦੁੱਖ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਨਾਲ, ਪੰਜਾਬ ’ਚ ਹਰ ਪਾਸੇ ਬਾਕੀ ਮੁਲਕ ਵਾਂਗ ਸਾਰੇ ਕੰਮ ਧੰਦੇ ਬੰਦ ਪਏ ਹਨ, ਜ਼ਰੂਰੀ ਬੈਠਕਾਂ ਵੀਡੀਉ ਕਾਨਫ਼ਰੰਸਾਂ ਰਾਹੀਂ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਦੇ ਵਿਧਾਇਕਾਂ ਚਾਹੇ ਉਹ ‘ਆਪ’ ਪਾਰਟੀ ਚਾਹੇ ਅਕਾਲੀ ਦਲ ਦੇ ਜਾਂ ਬੀ.ਜੇ.ਪੀ. ਵਾਲੇ ਹਨ ਜਾਂ ਕਾਂਗਰਸ ਪਾਰਟੀ ਦੇ ਹਨ, ਉੁਨ੍ਹਾਂ ’ਚੋਂ ਬਹੁਤਿਆਂ ਨੇ ਪਿਛਲੇ ਸ਼ੁਕਰਵਾਰ ਤੇ ਇਸ ਮੰਗਲਵਾਰ ਇਨ੍ਹਾਂ ਕਮੇਟੀਆਂ ਦੀਆਂ ਬੈਠਕਾਂ ਰਾਹੀਂ ਤਨਖ਼ਾਹ 84000 ਰੁਪਏ ਤੋਂ ਇਲਾਵਾ ਇਕ ਹਫ਼ਤੇ ’ਚ ਹੀ 24000 ਦੇ ਭੱਤੇ ਯਾਨੀ ਮਹੀਨੇ ’ਚ 96000 ਰੁਪਏ ਦੇ ਭੱਤਿਆਂ ਦੇ ਹੱਕਦਾਰ ਬਣ ਗਏ।
ਜ਼ਿਕਰਯੋਗ ਹੈ ਕਿ ਇਕ ਵਿਧਾਇਕ ਨੂੰ ਦੋ-ਦੋ ਕਮੇਟੀਆਂ ਦੇ ਮੈਂਬਰ ਨਿਯੁਕਤ ਕੀਤਾ ਹੈ ਅਤੇ ਇਕ ਬੈਠਕ ਮੰਗਲਵਾਰ ਨੂੰ ਦੂਜੀ ਸ਼ੁਕਰਵਾਰ ਨੂੰ ਰੱਖੀ ਜਾਂਦੀ ਹੈ, ਪਰ ਇਕ ਬੈਠਕ ਲਈ ਵਿਧਾਇਕ ਸੋਮਵਾਰ ਨੂੰ ਅਪਣੇ ਹਲਕੇ ਤੋਂ ਕਾਗ਼ਜ਼ਾਂ ’ਚ ਆਮਦ ਵਿਖਾਉਂਦਾ ਹੈ, ਮੰਗਲਵਾਰ ਨੂੰ ਬੈਠਕ ਦੇ ਰਜਿਸਟਰ ’ਚ ਹਾਜ਼ਰੀ ਲਿਖਦਾ ਅਤੇ ਬੁਧਵਾਰ ਨੂੰ ਚੰਡੀਗੜ੍ਹ ਤੋਂ ਵਾਪਸੀ ਵਿਖਾਉਂਦਾ ਹੈ। ਇਸ ਤਰ੍ਹਾਂ ਦੂਜੀ ਬੈਠਕ ਸ਼ੁਕਰਵਾਰ ਲਈ ਫਿਰ ਅਪਣੇ ਹਲਕੇ ਤੋਂ ਵੀਰਵਾਰ ਨੂੰ ਆਮਦ, ਅਗਲੇ ਦਿਨ ਹਾਜ਼ਰੀ ਅਤੇ ਸਨਿਚਰਵਾਰ ਨੂੰ ਵਾਪਸੀ ਵਿਖਾਈ ਜਾਂਦੀ ਹੈ।
Punjab Vidhan sabha
ਵਿਧਾਨ ਸਭਾ ਦੇ ਰੀਕਾਰਡ ਅਨੁਸਾਰ ਇਕ ਵਿਧਾਇਕ ਹਫ਼ਤੇ ’ਚ 6 ਦਿਨ ਯਾਤਰਾ ’ਤੇ ਰਹਿ ਕੇ ਭੱਤੇ ਕਮਾਉਂਦਾ ਹੈ ਅਤੇ ਤਨਖ਼ਾਹ ਸਮੇਤ ਮੈਡੀਕਲ ਸਹੂਲਤਾਂ, ਹਵਾਈ ਯਾਤਰਾ ਦਾ ਖਰਚਾ ਪਾ ਕੇ, ਸਾਲਾਨਾ 35-40 ਰੁਪਏ ਦੇ ਪੈਕੇਜ ’ਤੇ , ‘ਲੋਕ ਸੇਵਾ’ ਕਰਨ ਦੇ ਦਮਗਜੇ ਮਾਰਦਾ ਹੈ। ਹਵਾਈ ਯਾਤਰਾ ਦਾ ਖਰਚ, ਵਿਧਾਇਕ ਤੇ ਵਜ਼ੀਰ ਨੂੰ ਸਾਲਾਨਾ ਤਿੰਨ ਲੱਖ ਮਿਲਦਾ ਹੈ ਜਿਸ ਵਾਸਤੇ ਪਿਛਲੀਆਂ ਸਰਕਾਰਾਂ ਵੇਲੇ ਏਅਰਲਾਈਨ ਦੀ ਟਿਕਟ ਦੇਣੀ ਪੈਂਦੀ ਸੀ,
Payment
ਪਰ ਮੌਜੂਦਾ ਸਰਕਾਰ ਆਉਣ ’ਤੇ 2017 ਦੇ ਅਪ੍ਰੈਲ ਤੋਂ, ਹਰ ਇਕ ਵਿਧਾਇਕ ਦੀ ਮਾਸਿਕ ਤਨਖ਼ਾਹ ’ਚ 30 ਹਜ਼ਾਰ ਰੁਪਏ ਵਿਧਾਨ ਸਭਾ ਸਕੱਤਰੇਤ ਨੇ ਜੋੜਨੇ ਸ਼ੁਰੂ ਕਰ ਦਿਤੇ ਸਨ। ਰੋਜ਼ਾਨਾ ਸਪੋਕਸਮੈਨ ਵਲੋਂ ਇਸ ਸਬੰਧੀ ਖ਼ਬਰਾਂ ਛਾਪਣ ’ਤੇ ਇਹ ਸਿਲਸਿਲਾ ਬੰਦ ਕਰ ਦਿਤਾ ਸੀ। ਹੁਣ ਵਿਧਾਇਕ ਭਾਵੇਂ ਹਵਾਈ ਸਫ਼ਰ ਕਰੇ ਜਾਂ ਨਾ ਕਰੇ, ਪਰ ਜਦੋਂ ਚਾਹੇ, ਸਾਲ ਦੇ ਅਖ਼ੀਰ ’ਚ, ਇਕ ਸਰਟੀਫ਼ਿਕੇਟ ਦੇ ਦੇਵੇ ਕਿ ਉਸ ਨੇ ਹਵਾਈ ਜਹਾਜ਼ ਸਫ਼ਰ ਲਈ ਤਿੰਨ ਲੱਖ ਖਰਚੇ ਹਨ, ਰਕਮ ਪ੍ਰਾਪਤ ਕਰ ਸਕਦਾ ਹੈ।