
ਦਰਬਾਰ ਸਾਹਿਬ ਜਾਣ ਵਾਲੇ ਸਾਰੇ ਰਸਤਿਆਂ 'ਤੇ ਪੁਲਿਸ ਨੇ ਹੋਰ ਕਰੜੇ ਪ੍ਰਬੰਧ ਕੀਤੇ
6 ਜੂਨ ਨੂੰ ਨਰਮ-ਗਰਮ ਸੰਗਠਨਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣਾ ਅਸੰਭਵ
ਅੰਮ੍ਰਿਤਸਰ, 4 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਇਸ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਮਨਾਇਆ ਜਾਂਦਾ ਘੱਲੂਘਾਰਾ ਦਿਵਸ ਵੀ ਕੋਰੋਨਾ ਦੀ ਭੇਟ ਚੜ੍ਹ ਜਾਣ ਦੀ ਸੰਭਾਵਨਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਘੱਲ਼ੂਘਾਰਾ ਦਿਵਸ ਘਰਾਂ ਵਿਚ ਮਨਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਘਰਾਂ ਵਿਚ ਮਨਾਉਣ ਦੀ ਅਪੀਲ ਕਰ ਦਿਤੀ ਹੈ। ਦਰਬਾਰ ਸਾਹਿਬ ਜਾਣ ਵਾਲੇ ਸਮੂਹ ਰਸਤੇ ਸੀਲ ਕਰ ਦਿਤੇ ਹਨ। ਬਾਹਰੀ ਨਾਕਿਆਂ 'ਤੇ ਪੁਲਿਸ ਪਹਿਰਾ ਸਖ਼ਤ ਕਰ ਦਿਤਾ ਹੈ।
ਗਰਮ ਸੰਗਠਨ ਦਲ ਖ਼ਾਲਸਾ ਵਲੋਂ 5 ਜੂਨ ਨੂੰ ਕੱਢੇ ਜਾ ਰਹੇ ਮਾਰਚ 'ਤੇ ਰੋਕ ਲਾ ਦਿਤੀ ਹੈ। ਕਰਫ਼ਿਊ ਚੁੱਕੇ ਜਾਣ ਬਾਅਦ ਤਾਲਾਬੰਦੀ ਜਾਰੀ ਹੈ। ਰੋਕਾਂ ਕਾਰਨ ਰੋਜ਼ਾਨਾ ਸੰਗਤ ਸੱਚਖੰਡ ਹਰਿਮੰਦਰ ਸਾਹਿਬ ਬਹੁਤ ਘੱਟ ਨਤਮਸਤਕ ਹੋ ਰਹੀ ਹੈ। ਘੱਲੂਘਾਰਾ ਦਿਵਸ ਮਨਾਉਣ ਸਮੇਂ 6 ਜੂਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ, ਪੰਥਕ ਸੰਗਠਨਾਂ ਦੀ ਅਗਵਾਈ ਹੇਠ ਪੁੱਜਣੀ ਸੀ। ਦੂਸਰੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਦਾਅਵੇ ਕਰ ਰਿਹਾ ਹੈ ਕਿ ਖ਼ਤਰਾ ਬਰਕਰਾਰ ਹੈ। ਘੱਲੂਘਾਰਾ ਦਿਵਸ ਲਈ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਬਲ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਹਨ। ਗੁਰੂ ਘਰ ਕੇਵਲ ਪਾਸ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਹੀ ਹਨ ਜੋ ਡਿਊਟੀ ਕਰ ਰਹੇ ਹਨ। ਮੌਜੂਦਾ ਬਣੇ ਕੋਰੋਨਾ ਦੇ ਹਾਲਾਤ 'ਚ ਸਰਕਾਰ ਤੇ ਪ੍ਰਸ਼ਾਸਨ ਕੋਈ ਵੀ ਖ਼ਤਰਾ ਮੁੱਲ ਲੈਣ ਲਈ ਤਿਆਰ ਨਹੀਂ ਪਰ ਘੱਲੂਘਾਰਾ ਦਿਵਸ ਮਨਾਉਣ ਬਾਅਦ 8 ਜੂਨ ਨੂੰ ਸਮੂਹ ਧਾਰਮਕ ਸਥਾਨ ਖੋਲ੍ਹੇ ਜਾ ਰਹੇ ਹਨ।