
ਅੰਮ੍ਰਤਿਸਰ ਵਿਚ ਸਰਚ ਅਭਿਆਨ ਚਲਾਇਆ ਗਿਆ, ਜਿਸ ਵਿਚ ਬੀਐਸਐਫ ਅਤੇ ਸਥਾਨਕ ਪੁਲਿਸ ਨੂੰ ਕੁਝ ਸ਼ੱਕੀ ਬਰਾਮਦ ਨਹੀਂ ਹੋਇਆ।
ਅੰਮ੍ਰਿਤਸਰ: ਭਾਰਤ-ਪਾਕਸਿਤਾਨ ਕੌਮਾਂਤਰੀ ਸਰਹੱਦ ’ਤੇ ਇਕ ਵਾਰ ਫਿਰ ਡਰੋਨ ਦਿਖਾਈ ਦਿੱਤੇ। ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ਵਿਚ ਇਕ ਵਾਰ ਫਿਰ ਡਰੋਨ ਭਾਰਤੀ ਸਰਹੱਦ ਵਿਚ ਦਾਖਲ ਹੋਇਆ। ਇਸ ਤੋਂ ਬਾਅਦ ਅੰਮ੍ਰਤਿਸਰ ਵਿਚ ਸਰਚ ਅਭਿਆਨ ਚਲਾਇਆ ਗਿਆ, ਜਿਸ ਵਿਚ ਬੀਐਸਐਫ ਅਤੇ ਸਥਾਨਕ ਪੁਲਿਸ ਨੂੰ ਕੁਝ ਸ਼ੱਕੀ ਬਰਾਮਦ ਨਹੀਂ ਹੋਇਆ।
ਬੀਐਸਐਫ ਦੇ ਜਵਾਨ ਰਾਤ ਸਮੇਂ ਅਜਨਾਲਾ ਦੇ ਪਿੰਡ ਭੈਣੀਆਂ ਵਿਖੇ ਸਥਿਤ ਬਾਰਡਰ ਆਊਟਰ ਪੋਸਟ (ਬੀਓਪੀ) 'ਤੇ ਗਸ਼ਤ 'ਤੇ ਸਨ। ਇਸ ਦੌਰਾਨ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਹਨੇਰੇ ਕਾਰਨ ਡਰੋਨ ਨੂੰ ਲੱਭਣਾ ਆਸਾਨ ਨਹੀਂ ਸੀ। ਤੁਰੰਤ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਕਰੀਬ 5 ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਸਰਹੱਦ ਵੱਲ ਚਲਾ ਗਿਆ। ਬੀਐਸਐਫ ਅਧਿਕਾਰੀਆਂ ਨੇ ਇਸ ਘਟਨਾਕ੍ਰਮ ਬਾਰੇ ਅਜੇ ਹੋਰ ਵੇਰਵੇ ਨਹੀਂ ਦਿੱਤੇ ਹਨ।
ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਲਿਊ ਸਟਾਰ ਅਪਰੇਸ਼ਨ ਦੀ ਬਰਸੀ ਮਨਾਈ ਜਾ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੀ ਖੁਫੀਆ ਏਜੰਸੀ ਵੱਲੋਂ ਮਿਲੇ ਇਨਪੁਟਸ ਤੋਂ ਬਾਅਦ ਪੂਰੇ ਪੰਜਾਬ ਵਿਚ ਅਲਰਟ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਬੈਠੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਪੰਜਾਬ ਵਿਚ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਭਾਰਤੀ ਸਰਹੱਦ ਵਿਚ ਡਰੋਨ ਦਾ ਆਉਣਾ ਸ਼ੱਕੀ ਹੈ।