
ਸੀਨੀਅਰ ਤੋਂ ਤੰਗ ਹੋ ਕੇ ਸਹਿਕਾਰਤਾ ਵਿਭਾਗ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ
ਫ਼ਿਰੋਜ਼ਪੁਰ/ਮੱਲਾਂਵਾਲਾ, 3 ਜੁਲਾਈ (ਸੁਖਵਿੰਦਰ ਸਿੰਘ) : ਸਹਿਕਾਰਤਾ ਵਿਭਾਗ ਵਿਚ ਤੈਨਾਤ ਕਰਮਚਾਰੀ ਗੁਰਿੰਦਰਜੀਤ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਵਿਚ ਅਪਣੀ ਮੌਤ ਦਾ ਕਾਰਨ ਅਪਣੇ ਸੀਨੀਅਰ ਅਧਿਕਾਰੀਆਂ ਨੂੰ ਠਹਿਰਾਇਆ।
ਪਿੰਡ ਗੱਟਾ ਬਾਦਸ਼ਾਹ ਵਾਸੀ ਗੁਰਿੰਦਰਜੀਤ ਸਿੰਘ ਦੀ ਲਾਸ਼ ਕੋਲ ਮਿਲੇ ਖ਼ੁਦਕੁਸ਼ੀ ਨੋਟ ਵਿਚ ਦਸਿਆ ਗਿਆ ਕਿ ਉਹ ਦਫ਼ਤਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾ ਜ਼ੀਰਾ ਵਿਚ ਪੱਕੇ ਤੌਰ ’ਤੇ ਤੈਨਾਤ ਹੈ। ਵਿਭਾਗ ਅਧਿਕਾਰੀਆਂ ਵਲੋਂ ਉਸ ਦੀ ਐਡੀਸ਼ਨਲ ਡਿਊਟੀ ਜੁਆਇੰਟ ਰਜਿਸਟਰਾਰ ਦਫ਼ਤਰ ਫ਼ਿਰੋਜ਼ਪੁਰ ਵਿਚ ਸੋਮਵਾਰ, ਮੰਗਲਵਾਰ ਅਤੇ ਬੁਧਵਾਰ ਦੀ ਲਗਾਈ ਗਈ ਜਿਸ ਨੂੰ ਉਸ ਨੇ ਕੱਟਣ ਦੀ ਦਰਖਾਸਤ ਦਿਤੀ ਸੀ। ਇਸ ਨੋਟ ਰਾਹੀਂ ਉਸ ਨੇ ਦੋਸ਼ ਲਗਾਏ ਕਿ ਅਧਿਕਾਰੀਆਂ ਵਲੋਂ ਡਿਊਟੀ ਕੱਟਣ ਦੀ ਸਹਿਮਤੀ ਦੇਣ ਦੇ ਬਾਵਜੂਦ ਉਸ ਦੇ ਸੀਨੀਅਰ ਸਾਹਿਬ ਸਿੰਘ ਵਲੋਂ ਉਸ ਨੂੰ ਤੰਗ ਕੀਤਾ ਜਾਣ ਲੱਗਾ ਅਤੇ ਜੁਆਇੰਟ ਰਜਿਸਟਰਾਰ ਨੂੰ ਉਸ ਵਿਰੁਧ ਭੜਕਾਉਣਾ ਸ਼ੁਰੂ ਕਰ ਦਿਤਾ ਅਤੇ ਉਸ ਵਿਰੁਧ ਗ਼ੈਰ ਹਾਜ਼ਰ ਹੋਣ ਦੀ ਚਿੱਠੀ ਕਢਵਾ ਦਿਤੀ ਗਈ।
ਅਪਣੇ ਸੁਸਾਈਡ ਨੋਟ ਵਿਚ ਗੁਰਿੰਦਰਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਸਾਹਿਬ ਸਿੰਘ ਵਲੋਂ ਉਸ ਦੀ ਐਡੀਸ਼ਨਲ ਡਿਊਟੀ ਕੱਟਣ ਲਈ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿਤਾ। ਏਸੇ ਰੰਜਸ਼ ਕਾਰਨ ਸਾਹਿਬ ਸਿੰਘ ਨੇ ਜੁਆਇੰਟ ਰਜਿਸਟਰਾਰ ਮੈਡਮ ਸ਼ੁਭਦੀਪ ਕੌਰ ਕੋਲ ਉਸ ਦੀ ਝੂਠੀ ਸ਼ਿਕਾਇਤ ਕੀਤੀ। ਉਸ ਨੇ ਦਸਿਆ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਜੁਆਇੰਟ ਰਜਿਸਟਰਾਰ ਦਫ਼ਤਰ ਦਾ ਸੀਨੀਅਰ ਸਹਾਇਕ ਸਾਹਿਬ ਸਿੰਘ ਅਤੇ ਮੈਡਮ ਸ਼ੁਭਦੀਪ ਕੌਰ ਹੋਣਗੇ।
ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਦਸਿਆ ਕਿ ਉਸ ਦਾ ਪਤੀ ਦਫ਼ਤਰੀ ਬੋਝ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਪਰੇਸ਼ਾਨ ਸੀ। ਥਾਣਾ ਮੁਖੀ ਬਲਰਾਜ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ੀਰਾ ਦੇ ਸਿਵਲ ਹਸਪਤਾਲ ਵਿਚ ਭੇਜਿਆ। ਉਨ੍ਹਾਂ ਕਿਹਾ ਕਿ ਸੁਸਾਈਡ ਨੋਟ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਅਪਣੇ ਪਿੱਛੇ ਪਤਨੀ, ਇਕ ਲੜਕੀ ਅਤੇ ਇਕ ਲੜਕਾ ਛੱਡ ਗਿਆ ਹੈ।
ਫੋਟੋ : 01 : ਮ੍ਰਿਤਕ ਗੁਰਿੰਦਰਜੀਤ ਸਿੰਘ ਦੀ ਫਾਈਲ ਫੋਟੋ
02 : ਗੁਰਿੰਦਰਜੀਤ ਵੱਲੋਂ ਲਿਖਿਆ ਗਿਆ ਸੁਸਾਈਡ ਨੋਟ