
ਮੁੱਖ ਇੰਜੀਨੀਅਰ ਦੱਖਣ ਇੰਜ. ਰਵਿੰਦਰ ਸਿੰਘ ਸੈਣੀ ਵਲੋਂ ਜ਼ੀਰਕਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਸਬੰਧੀ ਔਕੜਾਂ ਦਾ ਜਾਇਜ਼ਾ
ਜ਼ੀਰਕਪੁਰ, 3 ਜੁਲਾਈ (ਪ.ਪ.) : ਅੱਜ ਮੁੱਖ ਇੰਜਨੀਅਰ (ਦੱਖਣ) ਇੰਜ ਰਵਿੰਦਰ ਸਿੰਘ ਸੈਣੀ ਅਤੇ ਉਪ ਮੁੱਖ ਇੰਜੀਨੀਅਰ ਵੰਡ ਹਲਕਾ ਮੋਹਾਲੀ ਇੰਜ ਮੋਹਿਤ ਸੂਦ ਵਲੋਂ ਜ਼ੀਰਕਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਬਲਟਾਣਾ, ਲੋਹਗੜ੍ਹ, ਭਬਾਤ, ਬਿਸ਼ਨਪੁਰਾ, ਜਮੁਨਾ ਇੰਨਕਲੇਵ, ਢਕੋਲੀ, ਪੀਰਮੁਛੱਲਾ, ਪੰਚਸੀਲ ਅਤੇ ਬਾਦਲ ਕਾਲੋਨੀ ਦਾ ਦੌਰਾ ਕਰ ਕੇ ਪਬਲਿਕ ਨੂੰ ਬਿਜਲੀ ਸਪਲਾਈ ਸਬੰਧੀ ਆ ਰਹੀਆਂ ਔਕੜਾਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਵਲੋਂ ਪਬਲਿਕ ਦੇ ਨੁਮਾਇੰਦਿਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮੁਹਈਆ ਕਰਵਾਉਣ ਦਾ ਯਕੀਨ ਦਿਵਾਇਆ ਗਿਆ। ਉਨ੍ਹਾਂ ਪਾਵਰਕਾਮ ਸਟਾਫ਼ ਵਲੋਂ ਅੱਤ ਦੀ ਗਰਮੀ ਵਿਚ ਆਮ ਪਬਲਿਕ ਨੂੰ ਲਗਾਤਾਰ ਬਿਜਲੀ ਸਪਲਾਈ ਬਹਾਲ ਰੱਖਣ ਲਈ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਸ਼ਲਾਘਾ ਵੀ ਕੀਤੀ ਗਈ। ਉਨ੍ਹਾਂ ਦਸਿਆ ਕਿ ਮਹਿਕਮੇ ਵਲੋਂ ਜ਼ੀਰਕਪੁਰ ਵਿਚ ਪਿਛਲੇ ਇਕ ਮਹੀਨੇ ਵਿਚ 10 ਨਵੇਂ ਟ੍ਰਾਂਸਫਾਰਮਰ ਦੀ ਕੈਪਾਸਿਟੀ ਵਿਚ ਵਾਧਾ ਕੀਤਾ ਗਿਆ ਹੈ। ਪਿਛਲੀਆਂ ਸਰਦੀਆਂ ਵਿਚ ਨਵਾਂ ਚਾਲੂ ਕੀਤਾ ਗਿਆ 66 ਕੇ.ਵੀ. ਗਰਿੱਡ ਸਬ ਸਟੇਸ਼ਨ ਹੁਣ ਪਬਲਿਕ ਨੂੰ ਕਾਫ਼ੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਆਧੁਨਿਕ ਸਾਜੋ ਸਮਾਨ ਨਾਲ ਲੈਸ ਗੱਡੀਆਂ ਅਤੇ ਸਟਾਫ਼ ਉਚੇਚੇ ਤੌਰ ਤੇ ਜ਼ੀਰਕਪੁਰ ਸ਼ਹਿਰ ਲਈ ਮੁਹਈਆ ਕਰਵਾਈਆਂ ਹਨ ਜੋ 1912 ’ਤੇ ਦਰਜ ਸ਼ਿਕਾਇਤਾਂ ਦੇ ਹੱਲ ਲਈ 24 ਘੰਟੇ ਲਗਾਤਾਰ ਕੰਮ ਕਰ ਰਹੀਆਂ ਹਨ।
ਉਨ੍ਹਾਂ ਦਸਿਆ ਕਿ ਬਲਟਾਣਾ ਵਿਖੇ ਇਕ ਹੋਰ ਨਵੇਂ 66 ਕੇ.ਵੀ. ਗਰਿੱਡ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਬਿਜਲੀ ਦੀ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਮਹਿਕਮੇ ਕੋਲ ਨਿਵਿਘਨ ਬਿਜਲੀ ਸਪਲਾਈ ਚਾਲੂ ਰੱਖਣ ਲਈ ਹਰੇਕ ਤਰ੍ਹਾਂ ਦੇ ਉਪਕਰਨ, ਟ੍ਰਾਂਸਫਾਰਮਰ, ਕੇਬਲਾਂ ਆਦਿ ਦਾ ਪੂਰਾ ਪ੍ਰਬੰਧ ਹੈ। ਉਨ੍ਹਾਂ ਨਾਲ ਇਸ ਮੌਕੇ ਇੰਜ ਖ਼ੁਸ਼ਵਿੰਦਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਜ਼ੀਰਕਪੁਰ, ਇੰਜ ਹਰਭਜਨ ਸਿੰਘ, ਇੰਜ ਮਨਦੀਪ ਅੱਤਰੀ ਮੌਜੂਦ ਸਨ।