
ਕੋਰ ਗਰੁੱਪ ਤੇ ਵਰਕਿੰਗ ਕਮੇਟੀ ’ਚ ਗੰਭੀਰ ਵਿਚਾਰਾਂ
ਚੰਡੀਗੜ੍ਹ, 3 ਜੁਲਾਈ (ਜੀ.ਸੀ. ਭਾਰਦਵਾਜ) : ਪਿਛਲੇ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਕੇਂਦਰੀ ਤਿੰਨ ਖੇਤੀ ਕਾਨੂੰਨਾਂ ਸਬੰਧੀ ਪੇਚੀਕਾ ਹੋਏ ਰੇੜਕੇ ’ਤੇ ਵਿਚ-ਵਿਚਾਲੇ ਫਸੀ ਪੰਜਾਬ ਬੀ.ਜੇ.ਪੀ. ਲੀਡਰਸ਼ਿਪ ਨੇ ਪੰਜਾਬੀਅਤ ਜੁਰਅਤ ਤੇ ਹਿੰਮ ਵਿਖਾਉਣੀ ਸ਼ੁਰੂ ਕਰ ਦਿਤੀ ਹੈ।
ਪਿਛਲੇ ਤੇ ਇਸ ਹਫ਼ਤੇ ਹੋਈ ਸੀਨੀਅਰ ਨੇਤਾਵਾਂ ਦੇ ਕੋਰ ਗਰੁੱਪ ਤੇ ਵਰਕਿੰਗ ਕਮੇਟੀ ਬੈਠਕਾਂ ’ਚ ਖੁਲ੍ਹ ਕੇ ਨਿਡਰਤਾ ਨਾਲ ਬਹਿਸ ਤੇ ਵਿਚਾਰ ਚਰਚਾ ਹੋਈ ਜਿਸ ’ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਦਲਿਤ ਨੇਤਾ ਵਿਜੇ ਸਾਂਪਲਾ ਵਰਗਿਆਂ ਦੇ ਘਿਰਾਉ, ਹਰਜੀਤ ਗਰੇਵਾਲ ਦੇ ਝੋਨਾ ਖੇਤਾਂ ’ਚ ਫ਼ਸਲ ਪੁੱਟਣ, ਤੀਕਸ਼ਣ ਸੂਦ ਦੇ ਘਰ ’ਚ ਗੋਹਾ ਸੁੱਟਣ, ਵਿਧਾਇਕ ਅਰੁਣ ਨਾਰੰਗ ਦੇ ਕਪੜੇ ਪਾੜਨ ਅਤੇ ਮਹਿਲਾਵਾਂ ਦੀ ਬੇਇੱਜ਼ਤੀ ਕਰਨ ਦੇ ਮੁੱਦਿਆਂ ’ਤੇ ਗਰਮਾਹਟ ਵੀ ਹੋਈ। ਭਵਿੱਖ ’ਚ ਗ਼ੈਰਤ ਤੇ ਮਜ਼ਬੂਤ ਰਵਈਆ ਯਾਨੀ ਪੰਜਾਬੀ ਲਹਿਜ਼ੇ ’ਚ ਟਕਰਾਅ ਦੀ ਸਥਿਤੀ ਤੇ ਮੁਕਾਬਲਾ ਕਰਨ ਦੀ ਗੱਲ ਵੀ ਹੋਈ।
ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਬਰਦਸਤ ਤਿਆਰੀ, ਹੱਦ ਦਰਜੇ ਦੀ ਪਲਾਨਿੰਗ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੇ ਦਲਿਤ ਵਰਗ ਅਤੇ ਵਿਸ਼ੇਸ਼ ਕਰ ਕੇ, ਪੇਂਡੂ ਤੇ ਸ਼ਹਿਰੀ ਖੇਤਰ ’ਚ ਜੱਟਵਾਦ ਦੀ ਸਖ਼ਤੀ ਤੋਂ ਸਤਾਏ ਗ਼ਰੀਬ ਹਿੰਦੂ ਵਰਗ, ਪਿਛੜੀ ਜਾਤੀ ਵਰਗ ਤੇ ਮਹਿਲਾਵਾਂ ਨੂੰ ਬਣਾ ਸਤਿਕਾਰ ਦੇਣ ਦੇ ਮੁੱਖ ਵਿਸ਼ਿਆਂ ’ਤੇ ਨਾ ਸਿਰਫ਼ ਚਰਚਾ ਹੋਈ ਬਲਕਿ ਸੁਝਾਵਾਂ ਨੂੰ ਅਮਲੀ ਰੂਪ ਦੇਣ ਦਾ ਖਾਕਾ ਵੀ ਤਿਆਰ ਕੀਤਾ ਗਿਆ।
ਪੰਜਾਬ ’ਚ ਬੀ.ਜੇ.ਪੀ. ਨੇਤਾਵਾਂ ਦੀ ਮੌਜੂਦਾ ਪਤਲੀ ਹਾਲਤ ਸਬੰਧੀ ਰੋਜ਼ਾਨਾ ਸਪੋਕਸਮੈਨ ਨੇ ਜਦੋਂ ਸੱਭ ਤੋਂ ਸੀਨੀਅਰ 81 ਸਾਲਾ ਸਿਆਸੀ ਤੇ ਸੰਘਰਸ਼ੀ ਨੇਤਾ ਮਦਨ ਮੋਹਨ ਮਿੱਤ ਨਾਲ ਬਾਰੀਕੀ ’ਚ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪਾਰਟੀ ਹਾਈ ਕਮਾਂਡ ਨਾਲ ਖੁਲ੍ਹ ਕੇ ਵਿਚਾਰ ਹੋ ਗਈ ਹੈ, ਮੌਜੂਦਾ ਕਾਂਗਰਸ ਸਰਕਾਰ ਵਲੋਂ ਕਿਸਾਨੀ ਆੜ ’ਚ ਨਿਭਾਈ ਜਾ ਰਹੀ ਭੂਮਿਕਾ ਦਾ ਮੁਕਾਬਲਾ ਵੱਡੇ ਹੌਸਲੇ ਤੇ ਸ਼ਕਤੀ ਨਾਲ ਕਰਾਂਗੇ।
ਮਿੱਤਲ ਨੇ ਦਸਿਆ ਕਿ ਭਲਕੇ ਜਾਂ ਪਰਸੋਂ ਸੋਮਵਾਰ ਪੰਜਾਬ ਦੇ ਰਾਜਪਾਲ ਨੂੰ ਸਖ਼ਤ ਸ਼ਬਦਾਵਲੀ ਵਾਲਾ ਮੈਮੋਰੰਡਮ ਦਿਤਾ ਜਾਵੇਗਾ ਜਿਸ ’ਚ ਕਿਸਾਨੀ ਭੇਸ ਵਾਲੇ ਗੁੰਡਿਆਂ ਵਲੋਂ ਬੇਇੱਜ਼ਤੀ ਅਤੇ ਨਿਚਲੇ ਦਰਜੇ ਦੀ ਧੱਕਾਜ਼ੋਰੀ ਨਾ ਕਰਨ ਲਈ ਆਖਰੀ ਤਾੜਨਾ ਹੋਵੇਗੀ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਕਾਂਗਰਸ ਸਿੱਧੂ-ਕੈਪਟਨ ਪਾਟੋਧਾੜ ਤੇ ਕੁਰਸੀ ਦੀ ਲੜਾਈ ’ਚ ਫਸੀ, ਜਿੱਤ ਦੇ ਸੁਪਨੇ ਦੇਖ ਰਹੀ ਹੈ, ਅਕਾਲੀ ਦਲ ਵੱਡੇ ਬਾਦਲ ਦੀ ਗ਼ੈਰ ਹਾਜ਼ਰੀ ’ਚ ਆਪਸੀ ਖਾਨਾਜੰਗੀ ’ਚ ਫਸਿਆ ਹੈ ਅਤੇ ‘ਆਪ’ ਕੇਵਲ ਮੌਕਾਪ੍ਰਸਤੀ ਦਾ ਸ਼ਿਕਾਰ ਹੋ ਕੇ 19 ਵਿਧਾਇਕਾਂ ਨੂੰ 5 ਗੁੱਟਾਂ ’ਚ ਵੰਡ ਚੁੱਕਾ ਹੈ। ਇਸ ਆਪੋਧਾਪੀ ’ਚ ਬੀ.ਜੇ.ਪੀ. ਦੇ ਲੀਡਰ ਵਰਕਰ, ਆਮ ਵੋਟਰ, ਹੇਠਲੇ ਪੱਧਰ ’ਤੇ ਸੰਘ ਪਰਵਾਰ ਨਾਲ ਜੋੜਨ ’ਚ ਲੱਗਾ ਹੈ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਜਿਵੇਂ ਬੰਗਾਲ ’ਚ ਕੇਵਲ ਤਿੰਨ ਵਿਧਾਇਕਾਂ ਵਾਲੀ ਬੀ.ਜੇ.ਪੀ. ਨੇ 76 ਸੀਟਾਂ ’ਤੇ ਜਿੱਤ ਕੇ ਮਮਤਾ ਨੂੰ ਦਿਨੇ ਤਾਰੇ ਵਿਖਾ ਦਿਤੇ, ਕੇਰਲ ’ਚ ਵੀ ਗ਼ਰੀਬ ਵੋਟਰ ਨੂੰ ਨਾਲ ਜੋੜਿਆ, ਇਵੇਂ ਸਰਹੱਦੀ ਸੂਬੇ ਪੰਜਾਬ ’ਚ ਵੀ ਲਿਤਾੜੇ ਗਏ ਵਰਗ ਨੂੰ ਨਾਲ ਜੋੜ ਕੇ ਕੁਲ 117 ਸੀਟਾਂ ’ਚੋਂ 34 ਰਿਜ਼ਰਵ ਸੀਟਾਂ ਵਾਲੇ ਜੇਤੂ ਲੀਡਰਾਂ ’ਚੋਂ ਇਕ ਨੂੰ ‘ਮੁੱਖ ਮੰਤਰੀ’ ਬਣਾਉਣ ਦਾ ਵਾਅਦਾ ਪੂਰਾ ਕਰਾਂਗੇ। ਉਨ੍ਹਾਂ ਸਪਸ਼ਟ ਕਿਹਾ ਕਿ ਬੀ.ਜੇ.ਪੀ. ਵਾਅਦਾ ਪੂਰਾ ਕਰਨ ’ਚ ਵਿਸ਼ਵਾਸ ਰਖਦੀ ਹੈ ਨਾਕਿ ਕਾਂਗਰਸ ਵਾਂਗ ਲੋੜ ਪੈਣ ’ਤੇ ਹਿੰਦੂ ਲੀਡਰਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਲੰਚ ਡਿਪਲੋਮੇਸੀ ਕਰਦੀ ਹੈ। ਇਕ ਪਾਸੇ ਹਿੰਦੁ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੋਂਦ ਗੁੰਦ ਰਹੀ ਹੈ, ਦੂਜੇ ਪਾਸੇ ਖੜਗੇ ਪੈਨਲ ਹਿੰਦੂ ਵਿਧਾਇਕਾਂ ਨੂੰ ਜੋੜਨ ਦੀ ਗੱਲ ਕਰਦਾ ਹੈ। ਅੱਜ ਪੰਜਾਬ ਦੇ ਦੋ ਐਮ.ਪੀ. ’ਚੋਂ ਸੋਮ ਪ੍ਰਕਾਸ਼ ਨੂੰ ਕੇਂਦਰੀ ਮੰਤਰੀ ਦਾ ਦਰਜਾ ਦਿਤਾ ਹੈ, ਸਾਬਕਾ ਐਮ.ਪੀ. ਵਿਜੇ ਸਾਂਪਲਾ ਨੂੰ ਐਸ.ਸੀ. ਕਮਿਸ਼ਨ ਦਾ ਚੇਅਰਮੈਨ ਲਾਇਆ ਹੈ।
ਮਦਨ ਮੋਹਨ ਮਿੱਤਲ ਦਾ ਕਹਿਣਾ ਹੈ ਕਿ ਵਿਧਾਨ ਸਭਾਂ ਚੋਣਾਂ ਲਈ ਚਾਰ ਕੋਨਾ ਮੁਕਾਬਲੇ ’ਚ ਕੇਵਲ ਬੀ.ਜੇ.ਪੀ. ਹੀ ਇਕ ਜੁਟ ਹੈ, ਉਮੀਦਵਾਰ ਜੋਸ਼ੀਲੇ ਹਨ, ਐਤਕੀਂ 23 ਸੀਟਾਂ ਦੇ ਨਾਲ-ਨਾਲ 94 ’ਤੇ ਨਵੇਂ ਚਿਹਰੇ, ਨੌਜਵਾਨ, ਪੜ੍ਹੇ-ਲਿਖੇ ਸਾਫ਼ ਅਕਸ ਦੇ ਉਮੀਦਵਾਰ ਆ ਰਹੇ ਹਨ, ਜ਼ਰੂਰ ਹੀ ਪੰਜਾਬ ਦਾ ਨਕਸ਼ਾ ਸੁਧਾਰਨਗੇ।