
ਕਿਸਾਨ ਆਗੂ ਨੇ ਸੂਬਾ ਸਰਕਾਰ ਦੇ ਮੰਤਰੀ ਦੇ ਬਿਆਨ ਨੂੰ ਝੂਠਾ ਕਰਾ ਦਿਤਾ
ਕਿਹਾ, ਸੂਬੇ ਦੇ 75 ਫ਼ੀ ਸਦੀ ਹਿੱਸੇ ’ਤੇ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ, ਪੰਜਾਬ ਤੋਂ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹੈ
ਚੰਡੀਗੜ੍ਹ, 4 ਜੁਲਾਈ (ਰਮਨਦੀਪ ਕੌਰ ਸੈਣੀ) : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਕ ਮੰਤਰੀ ਵਲੋਂ ਦਿਤਾ ਬਿਆਨ ਝੂਠ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਮਾਤਰਾ ’ਚ ਨਹਿਰੀ ਪਾਣੀ ਸਪਲਾਈ ਕਰਵਾ ਦਿਤਾ ਗਿਆ ਹੈ।
ਉਨ੍ਹਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸੂਬਾ ਸਰਕਾਰ ਦੇ ਇਕ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਵਿਚ ਨਹਿਰੀ ਪਾਣੀ ਇੰਨਾ ਸਪਲਾਈ ਕਰ ਦਿਤਾ ਕਿ ਕਿਸਾਨ ਬਾਗ਼ੋ-ਬਾਗ਼ ਹੋ ਗਏ ਹਨ। ਜਦਕਿ ਜ਼ਮੀਨੀ ਪੱਧਰ ’ਤੇ ਇਹ ਬਿਲਕੁਲ ਉਲਟ ਹੈ।’’ ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਕਿਸਾਨ ਅਜੇ ਵੀ ਟਿਊਬਵੈਲਾਂ ਨਾਲ ਪਾਣੀ ਲਗਾ ਕੇ ਜੀਰੀ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 75 ਫੀ ਸਦੀ ਹਿੱਸੇ ’ਚ ਹਾਲੇ ਵੀ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਸੂਬੇ ’ਚੋਂ ਸਿਰਫ਼ ਗੁਰਦਾਸਪੁਰ ਵਿਚ 90 ਫੀ ਸਦੀ ਖਾਲੇ ਪੱਕੇ ਕੀਤੇ ਹਨ। ਬਾਕੀ ਹਿੱਸਿਆਂ ’ਚ ਜਿਵੇਂ ਪਹਿਲਾਂ ਨਹਿਰੀ ਪਾਣੀ ਚੱਲ ਰਿਹਾ ਸੀ ਉਹ ਉਵੇਂ ਹੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਕਾਰਨ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਉਹ ਪਾਣੀ ਉੱਤੇ ਰਾਜਨੀਤੀ ਕਰਨਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਨਿਰਵਿਘਨ ਨਹਿਰੀ ਪਾਣੀ ਤੇ ਬਿਜਲੀ ਦੀ ਸਪਲਾਈ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਪਰਤੀਆਂ ਹਨ।
ਰਾਜੇਵਾਲ ਨੇ ਕਿਹਾ ਕਿ ਅੱਜ ਤਕ ਜਿੰਨੇ ਵੀ ਪਾਣੀ ਦੇ ਸਮਝੌਤੇ ਹੋਏ ਹਨ ਉਹ ਗੈਰ-ਸੰਵਿਧਾਨਕ ਹੋਏ ਹਨ। ਪੰਜਾਬ ਨਾਲ ਧੱਕਾ ਹੋਇਆ ਹੈ। ਪੰਜਾਬ ਤੋਂ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਸਾਡੇ ਕੋਲ ਜੋ ਕੁਦਰਤ ਦਾ ਬਖ਼ਸ਼ਿਆ ਦਰਿਆਈ ਪਾਣੀ ਹੈ, ਉਹ ਸਾਡੇ ਸਿਆਸੀ ਆਗੂਆਂ ਦੀਆਂ ਗ਼ਲਤੀਆਂ ਕਾਰਨ ਕੇਂਦਰ ਸਰਕਾਰ ਨੇ ਗ਼ੈਰ-ਸੰਵਿਧਾਨਿਕ ਤਰੀਕੇ ਨਾਲ ਹਰਿਆਣਾ ਅਤੇ ਰਾਜਸਥਾਨ ਨੂੰ ਦੇ ਦਿਤਾ ਹੈ। ਸਾਡੇ ਹਿੱਸੇ ਦਾ ਪਾਣੀ ਵੀ ਸਾਡੇ ਖੇਤਾਂ ਤਕ ਨਹੀਂ ਪਹੁੰਚ ਰਿਹਾ, ਇਨ੍ਹਾਂ ਨੇ ਰਾਜਸਥਾਨ ਦੀ ਪੰਜਾਬ ਦੇ ਪਾਣੀ ਵਿਚ ਹਿੱਸੇਦਾਰੀ ਵਧਾ ਦਿਤੀ।
ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਾਡਾ ਨਹਿਰੀ ਪਾਣੀ ਸਾਨੂੰ ਦਿਤਾ ਜਾਵੇ ਤਾਂ ਜੋ ਅਸੀਂ ਇਸ ਪਾਣੀ ਨਾਲ ਖੇਤੀ ਕਰ ਸਕੀਏ। ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੰਗਾਨਗਰ ’ਚ ਜਾ ਕੇ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡਾ 11 ਹਜ਼ਾਰ ਕਿਉਬਿਕ ਪਾਣੀ ਵਧਾ ਕੇ 18 ਹਜ਼ਾਰ ਕਿਊਬਿਕ ਕਰ ਦਿਤਾ, ਇਸ ਲਈ ਸਾਡੀ ਸਰਕਾਰ ਬਣਾ ਦਿਓ। ਤੁਹਾਨੂੰ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਤਾਂ ਪੰਜਾਬ ਦੇ ਪਾਣੀਆਂ ਤੇ ਹੋਰ ਸੂਬਿਆਂ ਨੂੰ ਅਧਿਕਾਰ ਦਿਤੇ ਸੀ ਤੇ ਇਹ ਸਰਕਾਰ ਵੀ ਉਹੀ ਕਰ ਰਹੀ ਹੈ। ਕਿਸੇ ਨੂੰ ਪੰਜਾਬ ਦੀ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਰੀਪੋਰਟਾਂ ਅਨੁਸਾਰ ਪੰਜਾਬ ਦਾ ਪਾਣੀ ਖ਼ਤਮ ਹੋ ਜਾਵੇਗਾ ਤੇ ਬੰਜਰ ਬਣ ਜਾਵੇਗਾ। ਜਿੰਨੀ ਪਾਣੀ ਦੀ ਲੋੜ ਦਿਨ-ਬ-ਦਿਨ ਵੱਧ ਰਹੀ ਹੈ ਉਸੇ ਹਿਸਾਬ ਨਾਲ ਪਾਣੀ ਚਾਰ ਸਾਲਾਂ ਤਕ ਖ਼ਤਮ ਹੋ ਜਾਵੇਗਾ।