
ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਨੇ ਜਾਰੀ ਕੀਤਾ ਚੋਣ ਮੈਨੀਫ਼ੈਸਟੋ ਦਾ ਪਹਿਲਾ ਚੈਪਟਰ
13 ਨੁਕਾਤੀ ਵਾਅਦਾ ਪੱਤਰ ਵਿਚ ਕੀਤੇ ਕਈ ਵੱਡੇ ਐਲਾਨ
ਚੰਡੀਗੜ੍ਹ, 3 ਅਗੱਸਤ (ਗੁਰਉਪਦੇਸ਼ ਭੁੱਲਰ): ਆਮ ਤੌਰ 'ਤੇ ਸਿਆਸੀ ਪਾਰਟੀਆਂ ਵਲੋਂ ਚੋਣਾਂ ਦਾ ਪ੍ਰੋਗਰਾਮ ਐਲਾਨ ਹੋ ਜਾਣ ਬਾਅਦ ਅਪਣੇ ਚੋਣ ਮੈਨੀਫ਼ੈਸਟੋ ਜਾਰੀ ਕੀਤੇ ਜਾਂਦੇ ਹਨ ਪਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਅਕਾਲੀ ਬਸਪਾ ਗਠਜੋੜ ਦੇ ਚੋਣ ਮੈਨੀਫ਼ੈਸਟੋ ਦਾ ਪਹਿਲਾ ਚੈਪਟਰ ਜਾਰੀ ਕਰ ਦਿਤਾ ਹੈ |
ਅੱਜ ਇਥੇ ਇਕ ਵੱਡੇ ਹੋਟਲ ਵਿਚ ਸੱਦੀ ਗਈ ਪ੍ਰੈਸ ਕਾਨਫ਼ਰੰਸ ਵਿਚ ਉਨ੍ਹਾਂ ਚੋਣ ਵਾਅਦਿਆਂ ਸਬੰਧੀ 13 ਨੁਕਾਤੀ ਪੱਤਰ ਜਾਰੀ ਕੀਤਾ ਹੈ | ਇਸ ਵਿਚ ਵੱਡੇ ਲੋਕ ਲੁਭਾਵਨੇ ਵਾਅਦਿਆਂ ਵਾਲੇ ਐਲਾਨ ਕੀਤੇ ਗਏ ਹਨ | ਇਹ ਐਲਾਨ ਕਰਨ ਤੋਂ ਪਹਿਲਾ ਸੁਖਬੀਰ ਨੇ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੋਏ ਵਿਕਾਸ ਤੇ ਭਲਾਈ ਕੰਮਾਂ ਦਾ ਵਿਸਥਾਰ ਵਿਚ ਵੇਰਵਾ ਪੇਸ਼ ਕੀਤਾ | ਇਸ ਮੌਕੇ ਸੁਖਬੀਰ ਬਾਦਲ ਨਾਲ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਰਹੇ | ਸੁਖਬੀਰ ਵਲੋਂ ਜਾਰੀ ਕੀਤੇ ਗਏ 13 ਨੁਕਾਤੀ ਵਾਅਦਾ ਪੱਤਰ ਵਿਚ ਕੀਤੇ ਗਏ ਵੱਡੇ ਐਲਾਨਾਂ ਬਾਰੇ ਕਿਹਾ ਗਿਆ ਕਿ ਇਹ ਅਕਾਲੀ ਬਸਪਾ ਸਰਕਾਰ ਬਣਨ ਦੀ ਸੂਰਤ ਵਿਚ ਪਹਿਲੇ ਸਾਲ ਵਿਚ ਹੀ ਪੂਰੇ ਕੀਤੇ ਜਾਣਗੇ | ਸੁਖਬੀਰ ਨੇ ਕਿਹਾ ਕਿ ਇਹ ਤਾਂ 13 ਨੁਕਾਤੀ ਏਜੰਡਾ ਸ਼ੁਰੂਆਤ ਹੈ ਅਤੇ ਬਾਕੀ ਵੱਖ ਵੱਖ ਮੁੱਦਿਆਂ ਬਾਰੇ ਅਗਲੇ ਦਿਨਾਂ ਵਿਚ ਵਿਸ਼ਾ ਵਾਰ ਵਾਅਦਿਆਂ ਨੂੰ ਜਨਤਕ ਕੀਤਾ ਜਾਵੇਗਾ |
ਸੁਖਬੀਰ ਬਾਦਲ ਨੇ ਅੱਜ ਜਿਹੜੇ 13 ਵੱਡੇ ਵਾਅਦਿਆਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿਚ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਨੂੰ 400 ਯੂਨਿਟ ਤਕ ਮੁਫ਼ਤ ਬਿਜਲੀ ਮੁਹਈਆ ਕਰਵਾਉਣਾ, ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ ਤਹਿਤ ਨੀਲੇ ਕਾਰਡ ਪ੍ਰਾਪਤ ਪ੍ਰਵਾਰਾਂ ਦੀਆਂ ਮੁਖੀ ਮਹਿਲਾਵਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਸਨਮਾਨ ਭੱਤਾ ਦੇਣ, ਖੇਤੀ ਲਈ ਵਰਤੇ ਜਾਣ ਵਾਲੇ ਡੀਜ਼ਲ ਨੂੰ 10 ਰੁਪਏ ਲਿਟਰ ਸਸਤਾ ਕਰਨਾ, ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦਿਆਰਥੀ ਸਿਖਿਆ ਕਾਰਡ ਯੋਜਨਾ ਤਹਿਤ 10 ਲੱਖ ਰੁਪਏ ਦਾ ਵਿਆਜ਼ ਮੁਕਤ ਕਰਜ਼ਾ ਦੇਣਾ, ਦੁੱਧ, ਸਬਜ਼ੀਆਂ ਅਤੇ ਫਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੇਣਾ, ਨੌਜਵਾਨਾਂ ਨੂੰ 1 ਲੱਖ ਸਰਕਾਰੀ ਅਤੇ 10 ਲੱਖ ਨੌਕਰੀਆਂ ਨਿਜੀ ਸੈਕਟਰ ਵਿਚ ਉਦਯੋਗੀਕਰਨ ਵਿਚ ਤੇਜ਼ੀ ਲਿਆ ਕੇ ਦਿਵਾਉਣਾ, ਸਰਕਾਰੀ ਨੌਕਰੀਆਂ ਵਿਚ ਔਰਤ ਵਰਗ ਲਈ 50 ਫ਼ੀ ਸਦੀ ਨੌਕਰੀਆਂ ਰਾਖਵੀਆਂ ਕਰਨਾ, ਹਰ ਜ਼ਿਲ੍ਹੇ ਵਿਚ ਬਹੁਪੱਖੀ ਮੈਡੀਕਲ ਕਾਲਜ ਸਥਾਪਤ ਕਰ ਕੇ ਇਨ੍ਹਾਂ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ 33 ਫ਼ੀ ਸਦੀ ਸੀਟਾਂ ਰਾਖਵੀਆਂ ਕਰਨਾ, ਸਰਕਾਰੀ ਤੇ ਨਿਜੀ ਉਦਯੋਗ ਵਿਚ ਨੌਕਰੀਆਂ ਪੰਜਾਬ ਅੰਦਰ ਸੂਬੇ ਦੇ 75 ਫ਼ੀ ਸਦੀ ਨੌਜਵਾਨਾਂ ਨੂੰ ਦੇਣ, ਦਰਮਿਆਨੇ ਤੇ ਛੋਟੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ, ਠੇਕਾ ਪ੍ਰਣਾਲੀ ਵਾਲੇ ਸਾਰੇ ਮੁਲਾਜ਼ਮਾਂ ਤੇ ਸਫ਼ਾਈ ਸੇਵਕਾਂ ਨੂੰ ਰੈਗੂੁਲਰ ਕਰਨ ਅਤੇ ਸਾਰੇ ਦਫ਼ਤਰਾਂ ਦੇ 100 ਫ਼ੀ ਸਦੀ ਕੰਪਿਊਟਰੀਕਰਨ ਕੀਤਾ ਜਾਣਾ ਸ਼ਾਮਲ ਹਨ |
ਫ਼ੋਟੋ: ਸੰਤੋਖ ਸਿੰਘ ਵਲੋਂ