ਨਵਜੋਤ ਸਿੱਧੂ ਨੇ ਦਲਿਤਾਂ ਦੇ ਮਸਲਿਆਂ ਨੂੰ ਲੈ ਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਚਰਚਾ
ਚੰਡੀਗੜ੍ਹ, 3 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਦਲਿਤ ਵਰਗ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸ ਆਗੂਆਂ ਨਾਲ ਮੀਟਿੰਗ ਕੀਤੀ | ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੇ ਸੱਦੇ 'ਤੇ ਪੰਜਾਬ ਕਾਂਗਰਸ ਭਵਨ ਵਿਚ ਹੋਈ ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਅਰੁਨਾ ਚੌਧਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸਰਕਾਰ ਦੀਆਂ ਦਲਿਤ ਭਲਾਈ ਸਕੀਮਾਂ ਬਾਰੇ ਅਪਣੇ ਵਿਚਾਰ ਰੱਖੇ | ਦਲਿਤ ਵਰਗ ਨਾਲ ਸਬੰਧਤ ਲੰਬਿਤ ਤੇ ਹੋਰ ਭਖਦੇ ਮੁੱਦਿਆਂ 'ਤੇ ਮੀਟਿੰਗ ਦੌਰਾਨ ਵਿਸਥਾਰ ਵਿਚ ਚਰਚਾ ਕਰ ਕੇ ਇਨ੍ਹਾਂ ਨੂੰ ਪੂਰਾ ਕਰਵਾਉਣ ਲਈ ਇਕ ਠੋਸ ਪ੍ਰੋਗਰਾਮ ਉਲੀਕ ਕੇ ਸਰਕਾਰ ਦੇ ਸਹਿਯੋਗ ਨਾਲ ਅੱਗੇ ਵਧਣ ਦੀ ਗੱਲ ਕੀਤੀ ਗਈ |
ਇਸ ਮੌਕੇ ਅਪਣੇ ਵਿਚਾਰ ਪੇਸ਼ ਕਰਦਿਆਂ ਸਿੱਧੂ ਨੇ ਜਿਥੇ ਦਲਿਤ ਮਸਲਿਆਂ ਦੇ ਹੱਲ ਲਈ ਐਕਸ਼ਨ ਪਲਾਟ ਬਣਾਉਣ ਦੇ ਵਿਚਾਰ ਨੂੰ ਸਹੀ ਦਸਿਆ ਉਥੇ ਨਾਲ ਹੀ ਕਿਹਾ ਕਿ ਸਾਨੂੰ ਸੱਭ ਨੂੰ ਮਿਲ ਕੇ ਪਾਰਟੀ ਹਾਈਕਮਾਨ ਵਲੋਂ ਦਿਤੇ 18 ਨੁਕਾਤੀ ਏਜੰਡੇ ਦੇ ਕੰਮਾਂ ਨੂੰ ਪੂਰਾ ਕਰਨ ਲਈ ਵੀ ਮਿਲ ਕੇ ਯਤਨ ਕਰਨੇ ਚਾਹੀਦੇ ਹਨ | ਇਸੇ ਦੌਰਾਨ ਸਿੱਧੂ ਨਾਲ ਕਾਰਜਕਾਰੀ ਪ੍ਰਧਾਨਾਂ ਸੰਗਤ ਸਿੰਘ ਗਿਲਜੀਆਂ ਅਤੇ ਕੁਲਜੀਤ ਨਾਗਰਾ ਨੇ ਜ਼ਿਲ੍ਹਾ ਮੀਟਿੰਗਾਂ ਦੀ ਲੜੀ ਤਹਿਤ ਅੱਜ ਨਵਾਂਸ਼ਹਿਰ ਜ਼ਿਲ੍ਹੇ ਦੇ ਆਗੂਆਂ ਨਾਲ ਵੀ ਮੀਟਿੰਗ ਕੀਤੀ | ਇਸ ਵਿਚ ਵਿਧਾਇਕ ਅੰਗਦ ਸੈਣੀ, ਦਰਸ਼ਨ ਲਾਲ ਤੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਡ ਵੀ ਸ਼ਾਮਲ ਸਨ |