
ਹੁਣ ਦੇਸ਼ ਦੀਆਂ ਨਜ਼ਰਾਂ ਕੁੜੀਆਂ ਦੀ ਹਾਕੀ ਟੀਮ 'ਤੇ ਟਿਕੀਆਂ
ਟੋਕੀਉ, 3 ਅਗੱਸਤ : ਭਾਰਤੀ ਕੁੜੀਆਂ ਦੀ ਹਾਕੀ ਟੀਮ ਪਹਿਲਾਂ ਹੀ ਇਤਿਹਾਸ ਰਚ ਚੁਕੀ ਹੈ ਤੇ ਹੁਣ ਉਸ ਦਾ ਟੀਚਾ ਟੋਕੀਉ ਉਲੰਪਿਕ ਖੇਡਾਂ ਦੇ ਸੈਮੀ ਫ਼ਾਈਨਲ ਵਿਚ ਅਰਜਨਟੀਨਾ ਨੂੰ ਹਰਾ ਕੇ ਅਪਣੀਆਂ ਉਪਲਬਧੀਆਂ ਨੂੰ ਚੋਟੀ 'ਤੇ ਪਹੁੰਚਾਉਣਾ ਹੋਵੇਗਾ | ਭਾਰਤ ਦੀ ਆਤਮਵਿਸ਼ਵਾਸ ਨਾਲ ਭਰੀ ਟੀਮ ਨੇ ਸੋਮਵਾਰ ਨੂੰ ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਉਲੰਪਿਕ ਦੇ ਸੈਮੀ ਫ਼ਾਈਨਲ ਵਿਚ ਥਾਂ ਬਣਾਈ | ਭਾਰਤੀ ਕੁੜੀਆਂ ਦੀ ਹਾਕੀ ਟੀਮ ਦਾ ਉਲੰਪਿਕ ਵਿਚ ਇਸ ਤੋਂ ਪਹਿਲਾਂ ਚੋਟੀ ਦਾ ਪ੍ਰਦਰਸ਼ਨ ਮਾਸਕੋ ਉਲੰਪਿਕ 1980 ਵਿਚ ਰਿਹਾ ਸੀ ਜਦੋਂ ਉਹ ਛੇ ਟੀਮਾਂ ਵਿਚੋਂ ਚੌਥੇ ਸਥਾਨ 'ਤੇ ਰਹੀ ਸੀ | ਭਾਰਤੀ ਮੁੰਡਿਆਂ ਦੀ ਹਾਕੀ ਟੀਮ ਸੈਮੀਫ਼ਾਈਨਲ ਤੋਂ ਅੱਗੇ ਵਧਣ ਵਿਚ ਅਸਫ਼ਲ ਰਹੀ ਹੈ ਅਤੇ ਹੁਣ ਦੇਸ਼ ਤੇ ਦੁਨੀਆਂ ਦੀਆਂ ਨਜ਼ਰਾਂ ਕੁੜੀਆਂ ਦੀ ਹਾਕੀ ਟੀਮ 'ਤੇ ਟਿਕੀਆਂ ਹਨ | (ਪੀਟੀਆਈ)