
ਏਸ਼ੀਆਈ ਖੇਡਾਂ 2018 ਚ ਸ਼ਾਰਟਪੁੱਟ ਮੁਕਾਬਲੇ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਉਸ ...
ਮੋਗਾ : ਏਸ਼ੀਆਈ ਖੇਡਾਂ 2018 ਚ ਸ਼ਾਰਟਪੁੱਟ ਮੁਕਾਬਲੇ ਵਿਚ ਭਾਰਤ ਲਈ ਗੋਲਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਕਰਮ ਸਿੰਘ ਹੀਰੋ ਦਾ ਮੰਗਲਵਾਰ ਨੂੰ ਲੰਬੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਤੂਰ ਦੇ ਪਿਤਾ ਕਰਮ ਸਿੰਘ ਹੀਰੋ ਕਾਫ਼ੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।
Tejinderpal Singh Toor
ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਦੁੱਖ ਭਰੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਬਿਨਾਂ ਹੀ ਦਿੱਲੀ ਤੋਂ ਅਪਣੇ ਪਿੰਡ ਪਹੁੰਚਣ ਲਈ ਮੋਗਾ ਰਵਾਨਾ ਹੋ ਗਏ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ੀਆਈ ਖੇਡਾਂ 'ਚ ਸ਼ਾਟਪੁੱਟ ਈਵੈਂਟ ਦਾ ਸੋਨ ਤਮਗ਼ਾ ਜਿੱਤਣ ਵਾਲੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਦੇ ਪਿਤਾ ਸ. ਕਰਮ ਸਿੰਘ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Rana Gurmit Singh Sodhi
ਦਸ ਦਈਏ ਕਿ ਕੱਲ੍ਹ ਹੀ ਉਨ੍ਹਾਂ ਦਾ ਲੜਕਾ ਏਸ਼ੀਆਈ ਖੇਡਾਂ ਵਿਚੋਂ ਸੋਨ ਤਮਗਾ ਜਿੱਤ ਕੇ ਜਕਾਰਤਾ ਤੋਂ ਨਵੀਂ ਦਿੱਲੀ ਪੁੱਜਿਆ ਸੀ। ਅਪਣੇ ਸੋਗ ਸੰਦੇਸ਼ ਵਿਚ ਰਾਣਾ ਸੋਢੀ ਨੇ ਕਿਹਾ ਕਿ ਤੇਜਿੰਦਰ ਦੀ ਸੁਨਿਹਰੀ ਪ੍ਰਾਪਤੀ ਪਿੱਛੇ ਉਸ ਦੇ ਪਿਤਾ ਅਤੇ ਪਰਵਾਰ ਦੀ ਘਾਲਣਾ ਦਾ ਸਭ ਤੋਂ ਵੱਧ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਤੇਜਿੰਦਰ ਪਾਲ ਸਿੰਘ ਏਸ਼ੀਆਈ ਖੇਡਾਂ ਲਈ ਲੱਗੇ ਕੈਂਪ ਵਿਚ ਅਭਿਆਸ ਕਰ ਰਿਹਾ ਸੀ ਉਸ ਵੇਲੇ ਉਸ ਦੇ ਪਿਤਾ ਜ਼ੇਰ-ਏ-ਇਲਾਜ ਸਨ।
Tejinderpal Singh Toor
ਉਨ੍ਹਾਂ ਕਿਹਾ ਕਿ ਤੇਜਿੰਦਰ ਨੇ ਅਜਿਹੇ ਹਾਲਾਤ ਵਿਚ ਅਭਿਆਸ ਕਰ ਕੇ ਸੋਨ ਤਮਗਾ ਜਿੱਤ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ। ਖੇਡ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਅਕਹਿ ਤੇ ਅਸਹਿ ਦੁੱਖ ਦੀ ਘੜੀ ਵਿਚ ਉਹ ਨਿੱਜੀ ਤੌਰ 'ਤੇ ਤੇਜਿੰਦਰ ਪਾਲ ਸਿੰਘ ਦੇ ਦੁੱਖ ਵਿਚ ਸ਼ਰੀਕ ਹਨ।