
ਭਾਰਤ ਦੀਆਂ ਅਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਗਠਜੋੜ ਸਿਆਸਤ 'ਚ ਸਰਗਰਮ ਧਿਰ ਮੰਨੀ ਜਾ ਰਹੀ ਆਮ ਆਦਮੀ ਪਾਰਟੀ ਲਈ ਪੰਜਾਬ 'ਚੋਂ ਕੋਈ ਚੰਗੇ ਸੰਕੇਤ ਨਹੀਂ ਮਿਲ ਰਹੇ...........
ਚੰਡੀਗੜ੍ਹ : ਭਾਰਤ ਦੀਆਂ ਅਗਾਮੀ ਆਮ ਚੋਣਾਂ ਦੇ ਮੱਦੇਨਜ਼ਰ ਗਠਜੋੜ ਸਿਆਸਤ 'ਚ ਸਰਗਰਮ ਧਿਰ ਮੰਨੀ ਜਾ ਰਹੀ ਆਮ ਆਦਮੀ ਪਾਰਟੀ ਲਈ ਪੰਜਾਬ 'ਚੋਂ ਕੋਈ ਚੰਗੇ ਸੰਕੇਤ ਨਹੀਂ ਮਿਲ ਰਹੇ। ਪਾਰਟੀ ਵਿਧਾਇਕ ਕੰਵਰ ਸੰਧੂ ਨੇ ਸਾਫ਼ ਕਿਹਾ ਹੈ ਕਿ ਪਾਰਟੀ ਦੀ ਪੰਜਾਬ ਅੰਦਰ ਜੋ ਸਥਿਤੀ ਬਣੀ ਹੋਈ ਹੈ, ਉਸ ਤੋਂ ਸਪਸ਼ਟ ਹੈ ਕਿ ਪਾਰਟੀ ਪੰਜਾਬ 'ਚ ਲੋਕ ਸਭਾ ਚੋਣਾਂ ਲੜਨ ਦੀ ਹੀ ਸਥਿਤੀ ਵਿਚ ਨਹੀਂ ਹੈ। ਖਾਸਕਰ ਉਦੋਂ ਜਦੋਂ ਦੋ ਜ਼ਿਮਨੀ ਚੋਣਾਂ 'ਚ ਸ਼ਰਮਨਾਕ ਹਾਰ ਅਤੇ ਕਰਨਾਟਕਾ ਚੋਣਾਂ 'ਚ ਮਹਿਜ਼ 20 ਹਜ਼ਾਰ ਦੇ ਕਰੀਬ ਵੋਟ ਪਏ ਹੋਣ।
'ਸਪੋਕਸਮੈਨ ਵੈੱਬ ਟੀਵੀ' ਉਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਪੰਜਾਬ ਚੋਣਾਂ ਮੌਕੇ ਪਾਰਟੀ ਦੇ ਮੈਨੀਫ਼ੈਸਟੋ ਬਣਾਉਣ ਵਾਲਿਆਂ 'ਚ ਮੋਹਰੀ ਰਹੇ ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸ਼ੁਰੂ ਤੋਂ ਹੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਦੱਬਣ 'ਤੇ ਜ਼ੋਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪਾਰਟੀ ਮੈਨੀਫ਼ੈਸਟੋ ਵੇਲੇ ਤੋਂ ਵਾਰ-ਵਾਰ ਐਸਵਾਈਐਲ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਦੇ ਆਏ ਹਨ ਅਤੇ ਕੇਜਰੀਵਾਲ ਤੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮੁਨੀਸ਼ ਸਿਸੋਧੀਆ ਆਦਿ ਹਮੇਸ਼ਾ ਇਸ ਮੁੱਦੇ ਨੂੰ ਲਾਂਭੇ ਕਰਨ 'ਤੇ ਲੱਗੇ ਰਹੇ ਹਨ।
ਉਨ੍ਹਾਂ ਕਿਹਾ ਕਿ ਨੇੜ ਭਵਿੱਖ 'ਚ ਜੇਕਰ ਸੁਪਰੀਮ ਕੋਰਟ ਦਾ ਉਕਤ ਮੁੱਦੇ 'ਤੇ ਫ਼ੈਸਲਾ ਪੰਜਾਬ ਦੇ ਉਲਟ ਭੁਗਤਦਾ ਹੈ ਤਾਂ ਉਨ੍ਹਾਂ ਦਾ ਧੜਾ ਪਾਰਟੀ ਪੱਧਰ ਤੋਂ ਉਪਰ ਉਠ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਵਲ ਜਾਵੇਗਾ। ਉਨ੍ਹਾਂ ਪੰਜਾਬ 'ਚ ਪਾਰਟੀ ਦੀ ਡਿਗਦੀ ਸ਼ਾਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਗੱਦੀ ਤੋਂ ਲਾਹੇ ਗਏ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਜੇਕਰ ਉਹ ਕੁੱਝ ਵਿਧਾਇਕ ਅਤੇ ਸਮਰਥਕ ਹੁਣ ਨਾ ਬੋਲਦੇ ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਖ਼ਤਮ ਹੋ ਜਾਣੀ ਸੀ।
ਪੰਜਾਬ ਦੀ ਹੁਣ ਤਕ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਨਾਜ਼ੁਕ ਦੌਰ ਲਈ ਜ਼ਿਮੇਵਾਰ ਦਸਦਿਆਂ ਸੰਧੂ ਨੇ ਕਿਹਾ ਕਿ ਪੰਜਾਬ ਇਸ ਵੇਲੇ ਹੁਣ ਤਕ ਦੇ ਸੱਭ ਤੋਂ ਮਾੜੇ ਨਾਜ਼ੁਕ ਦੌਰ 'ਚ ਪੁੱਜ ਚੁੱਕਾ ਹੈ। ਉਨ੍ਹਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਲੱਭਤਾਂ ਮੁਤਾਬਕ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਦੱਸਣ ਕਿ ਗੋਲੀਕਾਂਡ ਤੋਂ ਪਹਿਲਾਂ ਰਾਤੀਂ ਫੋਨ ਤੇ ਉਹਨਾਂ ਵਿਚਾਲੇ ਕੀ ਗਲ ਹੋਈ ਸੀ?
ਉਨ੍ਹਾਂ ਕਿਹਾ ਕਿ ਜੇ ਪ੍ਰਕਾਸ਼ ਸਿਂੰਘ ਬਾਦਲ ਜਾਂ ਸੁਮੇਧ ਸੈਣੀ ਆਪਸੀ ਗੱਲਬਾਤ ਦਾ ਮਜ਼ਮੂਨ ਦੱਸ ਦੇਣ ਤਾਂ ਮਿੰਟਾਂ 'ਚ ਸਥਿਤੀ ਸਪਸ਼ਟ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਵਲੋਂ ਅਪਣੇ ਹੀ ਜਸਟਿਸ (ਰਿ) ਜ਼ੋਰਾ ਸਿਂੰਘ ਕਮਿਸ਼ਨ ਦੀ ਰੀਪੋਰਟ ਲਾਗੂ ਨਾ ਕਰਨ ਦਾ ਕਾਰਨ ਵੀ ਦਸਿਆ ਜਾਵੇ। ਉਨ੍ਹਾਂ ਕਿਹਾ ਕਿ ਆਪ ਪੰਜਾਬ ਦੇ ਸਾਰੇ ਵਿਧਾਇਕ ਆਪਸ 'ਚ ਹੀ ਕਾਬਲੀਅਤ ਦੇ ਆਧਾਰ 'ਤੇ ਨੇਤਾ ਵਿਰੋਧੀ ਧਿਰ ਚੁਣਨ।
(ਇਹ ਮੁਕੰਮਲ ਇੰਟਰਵਿਊ 'ਸਪੋਕਸਮੈਨ ਵੈਬ ਟੀਵੀ' ਉਤੇ ਵੇਖੀ ਜਾ ਸਕਦੀ ਹੈ)