
ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਜਸਟਿਸ ਰਣਜੀਤ ਸਿਘ ਦੀ ਬੇਅਦਬੀਆਂ ਸਬੰਧੀ ਰੀਪੋਰਟ ਤੋਂ ਬਾਅਦ ਪੰਜਾਬ ਵਿਚ ਰੋਸ ਵਧਦਾ ਜਾ ਰਿਹਾ ਹੈ.............
ਗੁਰਦਾਸਪੁਰ : ਕੁੱਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਜਸਟਿਸ ਰਣਜੀਤ ਸਿਘ ਦੀ ਬੇਅਦਬੀਆਂ ਸਬੰਧੀ ਰੀਪੋਰਟ ਤੋਂ ਬਾਅਦ ਪੰਜਾਬ ਵਿਚ ਰੋਸ ਵਧਦਾ ਜਾ ਰਿਹਾ ਹੈ। ਅਕਾਲੀ ਦਲ ਦਾ ਹਰ ਫ਼ਰੰਟ 'ਤੇ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕਰਨ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿਘ ਬੱਬੇਹਾਲੀ ਵਲੋਂ ਪਿੰਡ ਵਾਸੀਆਂ ਦੀ ਸਹਾਇਤਾ ਨਾਲ 30 ਅਗੱਸਤ ਤੋਂ 1 ਸਤੰਬਰ ਤਕ ਕਰਵਾਏ ਛਿੰਝ ਮੇਲੇ ਵਿਚ ਪੰਜਾਬ ਅਤੇ ਬਾਹਰਲੇ ਕਈ ਰਾਜਾਂ ਦੇ ਪਹਿਲਵਾਨ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ।
ਬੀਤੇ ਕਲ ਛਿੰਝ ਮੇਲੇ ਦੇ ਦੂਸਰੇ ਦਿਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਉਣਾ ਸੀ ਪਰ ਹੋ ਸਕਦਾ ਹੈ ਕਿ ਮਜੀਠੀਆ ਦੇ ਵਿਰੋਧ ਦੀਆਂ ਸੰਭਾਵਨਾਂ ਦੇ ਮੱਦੇਨਜ਼ਰ ਹੀ ਉਨ੍ਹਾਂ ਨੇ ਬੱਬਹਾਲੀ ਛਿੰਝ ਵਿਚ ਸ਼ਾਮਲ ਨਾ ਹੋਣ ਦਾ ²ਫ਼ੈਸਲਾ ਲਿਆ ਲਗਦਾ ਹੈ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਮੇਲੇ ਦੇ ਬਾਹਰ ਅਕਾਲੀ ਦਲ ਵਿਰੁਧ ਨਾਹਰੇਬਾਜ਼ੀ ਕਰਨ ਤੋਂ ਇਲਾਵਾ ਅਕਾਲੀ ਦਲ ਦਾ ਪੁਤਲਾ ਸੜਿਆ ਗਿਆ।
ਇਸ ਮੌਕੇ 2012 ਵਿਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਭਾਈ ਜਸਪਾਲ ਸਿੰਘ ਦੇ ਪਿਤਾ ਗੁਰਚਰਨਜੀਤ ਸਿੰਘ ਅਤੇ ਮਾਤਾ ਸਰਬਜੀਤ ਕੌਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ 6 ਸਾਲ ਦਾ ਲੰਮਾ ਬੀਤ ਜਾਣ ਦੇ ਬਾਵਜੂਦ ਉਸ ਨੂੰ ਸ਼ਹੀਦ ਹੋਏ ਅਪਣੇ ਪੁੱਤਰ ਦਾ ਕੋਈ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀ ਅਜੇ ਵੀ ਖੁਲ੍ਹੇਆਮ ਘੁੰਮਦੇ ਹਨ। ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਵਿਚ ਸਤਿਕਾਰ ਕਮੇਟੀ, ਮਾਨ ਦਲ, ਦਲ ਖ਼ਾਲਸਾ ਅਤੇ ਪਿੰਡ ਬੱਬੇਹਾਲੀ ਦੇ ਲੋਕ ਸ਼ਾਮਲ ਸਨ।