
ਪੁਰਾਣੇ ਫ਼ੈਸਲਿਆਂ ਦੀ ਰੌਸ਼ਨੀ ਵਿਚ ਗਿਆਨੀ ਹਰਪ੍ਰੀਤ ਸਿੰਘ ਸਿੱਖ ਪੰਥ ਨੂੰ ਸੇਧ ਦੇਣ : ਭਾਈ ਹਰਨਾਮ ਸਿੰਘ ਖ਼ਾਲਸਾ
ਨਵੀਂ ਦਿੱਲੀ : ਅਕਾਲ ਤਖ਼ਤ ਸਾਹਿਬ ਵਲੋਂ ਦਸਮ ਗ੍ਰੰਥ ਤੇ ਹੋਰ ਭੱਖਦੇ ਹੋਏ ਵਿਵਾਦਤ ਮੁੱਦਿਆਂ ਦਾ ਹੱਲ ਨਾ ਕੱਢੇ ਜਾਣ ਦਾ ਨਤੀਜਾ ਹੈ ਕਿ ਅੱਜ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਕਰਵਾਈ ਜਾ ਰਹੀ ਹੈ।
Akal takhat sahib
ਜੇ ਅਕਾਲ ਤਖ਼ਤ ਸਾਹਿਬ ਤੋਂ ਵਿਵਾਦਾਂ ਦਾ ਹੱਲ ਨਹੀਂ ਕਢਿਆ ਜਾਣਾ, ਤਾਂ ਇਹ ਹੁਕਮ ਜਾਰੀ ਕਿਉਂ ਨਹੀਂ ਕਰ ਦਿੰਦੇ ਕਿ ਕੋਈ ਦਸਮ ਗ੍ਰੰਥ ਦੇ ਹੱਕ ਤੇ ਕੋਈ ਵਿਰੋਧ ਵਿਚ ਨਾ ਖੜਾ ਹੋਵੇ?
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਇਥੋਂ ਦੀ ਜਥੇਬੰਦੀ ਗੁਰਬਾਣੀ ਵਿਚਾਰ ਕੇਂਦਰ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ, “ਦਸਮ ਗ੍ਰੰਥ ਵਰਗੇ ਵਿਵਾਦਾਂ ਦਾ ਹੱਲ ਨਾ ਹੋਣ ਕਰ ਕੇ, ਦੁਸ਼ਮਣ ਤਾਕਤਾਂ ਨੂੰ ਸਿੱਖਾਂ ਵਿਚ ਪਾੜ ਪਾਉਣ ਦੇ ਮੌਕੇ ਮਿਲ ਰਹੇ ਹਨ।
Akal Takhat Sahib
ਕੀ ਇਸ ਵਿਵਾਦ ਨਾਲ ਪੰਥਕ ਏਕਤਾ ਨੂੰ ਢਾਹ ਨਹੀਂ ਵੱਜ ਰਹੀ। ਜੇ ਇਹੀ ਹਾਲ ਰਿਹਾ ਤਾਂ ਕਿਸ ਤਰ੍ਹਾਂ ਮਾਣ ਕਰ ਸਕਾਂਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਗਏ ਨਿਰਮਲ ਪੰਥ ਦੇ ਪਾਂਧੀ ਹਾਂ?”
Spokesman
ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਭਾਈ ਖ਼ਾਲਸਾ ਨੇ ਕਿਹਾ, “ਅਕਾਲ ਤਖ਼ਤ ਸਾਹਿਬ ਦੇ ਪੁਰਾਣੇ ਫ਼ੈਸਲੇ ਮੁਤਾਬਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਵਿਵਾਦ ਪੈਦਾ ਨਾ ਕਰਨ ਦੀ ਤਾਕੀਦ ਹੈ ਅਤੇ ਸਿੱਖ ਰਹਿਤ ਮਰਿਆਦਾ ਵਿਚ ਦਰਜ ਬਾਣੀਆਂ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਮਾਨਤਾ ਨਹੀਂ ਦਿਤੀ ਗਈ।
ਇਸ ਦੇ ਉਲਟ ਦਸਮ ਗ੍ਰੰਥ ਦੇ ਵਿਵਾਦਤ ਹਿੱਸੇ ਦਾ ਦਿੱਲੀ ਕਮੇਟੀ ਵਲੋਂ ਪ੍ਰਚਾਰ ਕੀਤੇ ਜਾਣਾ ਕੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਦੇ ਹੱਕ ਵਿਚ ਹੈ? ਕੀ ਇਸ ਨਾਲ ਪੰਥਕ ਏਕਤਾ ਵਿਚ ਪਾੜ ਨਹੀਂ ਪੈ ਰਿਹਾ?”
ਭਾਈ ਖ਼ਾਲਸਾ ਨੇ ਕਿਹਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਪਿਛਲੇ ਫ਼ੈਸਲਿਆਂ ਦੀ ਰੋਸ਼ਨੀ ਵਿਚ ਸਿੱਖ ਕੌਮ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰਖਦੇ ਹੋਏ ਮੌਜੂਦਾ ਵਿਵਾਦ ਬਾਰੇ ਉਸਾਰੂ ਸੇਧ ਦੇਣ ਤਾਕਿ ਸਿੱਖਾਂ ਦਾ ਆਪਸੀ ਭਾਈਚਾਰਾ ਤੇ ਸਾਂਝ ਬਣੀ ਰਹੇ।