
ਦੁਨੀਆਂ ਭਰ ਦੇ ਕਿਸੇ ਧਰਮ 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਰਗੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ : ਜਸਟਿਸ ਜੇ.ਐਸ. ਖੇਰ
ਗੁਰੂ ਜੀ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਵਿਚ ਫੈਲਾਉਣ ਦੀ ਲੋੜ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 3 ਸਤੰਬਰ (ਗੁਰਉਪਦੇਸ਼ ਭੁੱਲਰ): ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਪੰਜਾਬ ਵਿਧਾਨ ਸਭਾ ਦੇ ਅੱਜ ਹੋਏ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਵਿਚ ਗੁਰੂ ਜੀ ਦੀਆਂ ਸਿਖਿਆਵਾਂ ਤੇ ਕੁਰਬਾਨੀ ਨੂੰ ਲੈ ਕੇ ਵੱਖ ਵੱਖ ਬੁਲਾਰਿਆਂ ਵਲੋਂ ਬੜੇ ਹੀ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ | ਇਨ੍ਹਾਂ ਵਿਚ ਮੁੱਖ ਬੁਲਾਰੇ ਵਜੋਂ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜੇ.ਐਸ. ਖੇਰ ਨੇ ਵਿਚਾਰ ਰੱਖੇ | ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ | ਇਹ ਪੰਜੇ ਬੁਲਾਰੇ ਸਦਨ ਵਿਚ ਮੰਚ ਉਪਰ ਮੌਜੂਦ ਸਨ | ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਧਰਮ ਗੁਰੂੂ ਦਲਾਈਲਾਮਾ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਇਸ ਪ੍ਰੋਗਰਾਮ ਲਈ ਆਏ ਸੰਦੇਸ਼ ਪੜ੍ਹੇ |
ਦੇਸ਼ ਦੇ ਸਾਬਕਾ ਮੁੱਖ ਜੱਜ ਜਸਟਿਸ ਖਰੇ ਨੇ ਮੁੱਖ ਭਾਸ਼ਨ ਦਿੰਦਿਆਂ ਸਿੱਖ ਜੀਵਨ ਜਾਂਚ ਵਿਚ ਸਿੱਖ ਅਰਦਾਸ ਦਾ ਮਹੱਤਵ ਦਰਸਾਉਂਦਿਆਂ ਕਿਹਾ ਕਿ ਅੱਜ ਅਸੀ ਬੜੇ ਭਾਗਾਂ ਵਾਲੇ ਹਾਂ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਬਾਰੇ ਵਿਚਾਰਾਂ ਕਰ ਰਹੇ ਹਾਂ | ਦੁਨੀਆਂ ਭਰ ਵਿਚ ਹਰ ਦਿਨ ਸਿੱਖ ਅਰਦਾਸ ਕਰ ਕੇ ਤੇ ਦੁਹਰਾਉਂਦੇ ਹਨ | ਹਰ ਦਿਨ ਗੁਰੂ ਸਾਹਿਬਾਨ ਦੇ ਸੰਦੇਸ਼ਾਂ ਨੂੰ ਯਾਦ ਕਰਦੇ ਹਾਂ | ਅਰਦਾਸ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਖ਼ਾਸ ਜ਼ਿਕਰ ਹੈ |
ਉਹ ਧਰਮ ਦਾ ਪ੍ਰਚਾਰ ਕਰਦੇ ਸਨ | ਦੁਨੀਆਂ ਭਰ ਵਿਚ ਕਿਸੇ ਧਰਮ ਵਿਚ ਮਿਸਾਲ ਨਹੀਂ ਮਿਲਦੀ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਾਂਗ ਕਿਸੇ ਧਰਮ ਦੇ ਗੁਰੂ ਨੇ ਹੋਰ ਧਰਮ ਦੀ ਰੱਖਿਆ ਲਈ ਕੁਰਬਾਨੀ ਦਿਤੀ ਹੋਵੇ | ਉਨ੍ਹਾਂ ਤੋਂ ਸੇਧ ਲੈ ਕੇ ਅਸੀ ਸਾਰੇ ਅਧਿਆਤਮਕ ਅਤੇ ਦੁਨਿਆਵੀ ਸਰੋਤ ਪ੍ਰਾਪਤ ਕਰ ਸਕਦੇ ਹਾਂ | ਜਸਟਿਸ ਖੇਰ ਨੇ ਕਿਹਾ ਕਿ ਸ੍ਰੀ ੁਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿਤੀ ਸੀ | ਸਿੱਖਾਂ ਵਿਚ ਸੈਨਿਕ ਰੂਪ ਧਾਰਨ ਦਾ ਮੁੱਢ ਬੱਝਿਆ ਜੋ ਪਹਿਲਾਂ ਸ਼ਾਂਤਮਈ ਭਾਈਚਾਰਾ ਸੀ | ਉਹ ਮੁਗ਼ਲ ਸਾਸ਼ਕਾਂ ਦੇ ਅਨਿਆਂ ਅੱਗੇ ਨਹੀਂ ਝੁਕੇ ਸਗੋਂ ਸ਼ਹਾਦਤ ਦਾ ਰਾਹ ਚੁਣਿਆ | ਇਕਸਾਈਕਲੋ ਪੀਡੀਆ ਇਕਟੈਨਿਕਾ ਵਿਚ ਵੀ ਉਨ੍ਹਾਂ ਦੀ ਕੁਰਬਾਨੀ ਨੂੰ ਦਰਜ ਕੀਤਾ ਗਿਆ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਵਿਚ ਪ੍ਰਚਾਰਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸ਼ਾਂਤੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਮਿਲ-ਜੁਲ ਕੇ ਰਹਿਣ ਵਰਗੀਆਂ ਕਦਰਾਂ ਕੀਮਤਾਂ ਦੀ ਰਾਖੀ ਹੋ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਲਾਸਾਨੀ ਕੁਰਬਾਨੀ ਦਿਤੀ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸੰਦੇਸ਼ ਉਸ ਭਾਵਨਾ ਦਾ ਆਧਾਰ ਹਨ ਜਿਸ ਨੂੰ ਅਸੀਂ ਪੰਜਾਬੀਅਤ ਕਹਿੰਦੇ ਹਾਂ | ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਸਾਡੀ ਸਾਂਝੀ ਤਹਿਜ਼ੀਬ, ਸਾਡੀ ਮਾਂ ਬੋਲੀ ਪੰਜਾਬੀ, ਲੋਕਾਂ, ਧਰਮਾਂ, ਜਾਤਾਂ ਅਤੇ ਸੰਪਰਦਾਵਾਂ ਤੋਂ ਉਪਰ ਉਠਦੀਆਂ ਇਕਸੁਰਤਾ ਅਤੇ ਭਾਈਚਾਰੇ ਦੀਆਂ ਡੂੰਘੀਆਂ ਤੰਦਾਂ ਸ਼ਾਮਲ ਹਨ | ਜਦੋਂ ਅਸੀਂ ਪੰਜਾਬ ਅਤੇ ਪੰਜਾਬੀਆਂ ਦੀ ਗੱਲ ਕਰਦੇ ਹਾਂ, ਤਾਂ ਇਸ ਤੋਂ ਬਾਅਦ ਪੰਜਾਬੀਅਤ ਦਾ ਜ਼ਿਕਰ ਆਉਣਾ ਲਾਜ਼ਮੀ ਤੌਰ 'ਤੇ ਬਣਦਾ ਹੈ | ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ,''ਸਾਡੇ ਮਹਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿਖਿਆਵਾਂ ਵਿਚ ਰੂਪਮਾਨ ਹੁੰਦੀ ਇਸ ਪੰਜਾਬੀਅਤ ਨੂੰ ਸਮਝੇ ਜਾਣ ਅਤੇ ਸ਼ਲਾਘਾ ਕਰ ਕੇ ਇਸ ਨੂੰ ਸਾਂਭੇ ਜਾਣ ਦੀ ਲੋੜ ਹੈ |
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨੌਵੇਂ ਪਾਤਸ਼ਾਹੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸਾਨੂੰ ਲੋਕਾਂ ਦੇ ਸੁਚੱਜੇ ਆਗੂ ਅਤੇ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਸਹੀ ਰਾਹ ਵਿਖਾਉਣ ਦੀ ਸਹੁੰ ਖਾਣੀ ਚਾਹੀਦੀ ਹੈ | ਮੁੱਖ ਮੰਤਰੀ ਨੇ ਭਾਰਤ ਦੇ ਇਕ ਬਹੁਲਵਾਦੀ ਦੇਸ਼ ਵਜੋਂ ਕਾਇਮ ਰਹਿਣ ਬਾਰੇ ਅਪਣੀ ਧਾਰਨਾ ਸਾਂਝੀ ਕੀਤੀ ਜਿਥੇ ਦੁਨੀਆਂ ਦੇ ਲਗਭਗ ਹਰ ਇਕ ਧਰਮ ਦੇ ਲੋਕਾਂ ਦਾ ਘਰ ਹੋਣ ਦੀ ਵਿਲੱਖਣਤਾ ਹੈ | ਇਸ ਮਹਾਨ ਦਿਹਾੜੇ ਨੂੰ ਮਨਾਉਣ ਲਈ ਸੂਬਾ ਸਰਕਾਰ ਵਲੋਂ ਉਲੀਕੇ ਸਮਾਗਮਾਂ ਦੀ ਰੂਪ-ਰੇਖਾ ਬਾਰੇ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਸੂਬਾ ਸਰਕਾਰ ਨੇ ਪਹਿਲਾਂ ਵਿਆਪਕ ਪ੍ਰਬੰਧ ਕੀਤੇ ਸਨ ਪ੍ਰੰਤੂ ਅਪ੍ਰੈਲ ਵਿਚ ਕੋਵਿਡ ਕੇਸਾਂ ਵਿਚ ਵਾਧੇ ਕਾਰਨ ਵੱਡੇ ਜਨਤਕ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿਤਾ | ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਬਾਬਾ ਬਕਾਲਾ ਵਿਖੇ ਸਮਾਗਮ ਕਰਵਾਉਣ ਤੋਂ ਇਲਾਵਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਸਿਖਿਆਵਾਂ ਬਾਰੇ ਪ੍ਰਦਰਸ਼ਨੀਆਂ ਲਗਾਉਣ ਅਤੇ ਦਸਤਕਾਰੀ, ਪੰਜਾਬੀ ਸਾਹਿਤ ਉਤਸਵ, ਡਰਾਮਾ (ਹਿੰਦ ਦੀ ਚਾਦਰ), ਖੇਡਾਂ, ਮਲਟੀ ਮੀਡੀਆ ਲਾਈਟ ਐਂਡ ਸਾਊਾਡ ਸ਼ੋਅ ਅਤੇ ਸੂਫ਼ੀ ਸੰਗੀਤ ਉਤਸਵ ਕਰਵਾਉਣੇ ਪ੍ਰਸਤਾਵਤ ਸਨ | ਉਨ੍ਹਾਂ ਉਮੀਦ ਪ੍ਰਗਟਾਈ ਕਿ ਜਦੋਂ ਇਕ ਵਾਰ ਕੋਵਿਡ ਦੀ ਸਥਿਤੀ ਠੀਕ ਹੋ ਗਈ ਤਾਂ ਇਨ੍ਹਾਂ ਵਿਚੋਂ ਬਹੁਤੇ ਸਮਾਗਮ ਕਰਵਾਏ ਜਾ ਸਕਣਗੇ |
ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 'ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ' ਨਾਲ ਅਪਣੇ ਭਾਸ਼ਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਦੀ ਧਰਤੀ ਹੈ ਤੇ ਉਨ੍ਹਾਂ ਦੀਆਂ ਸਿਖਿਆਵਾ ਅੱਜ ਵੀ ਪ੍ਰਸੰਗਿਕ ਹਨ, ਜਿਨ੍ਹਾਂ ਤੋਂ ਅਸੀ ਸੇਧ ਲੈਂਦੇ ਹਾਂ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਦੀ ਕੁਰਬਾਨੀ ਹਰੇਕ ਸਮੇਂ ਵਿਚ ਸਰਬ ਵਿਆਪਕ ਹੈ | ਸੱਭ ਧਰਮਾਂ ਦਾ ਸਤਿਕਾਰ ਵੀ ਗੁਰੂ ਜੀ ਦੀ ਕੁਰਬਾਨੀ ਨਾਲ ਦਿਤਾ ਬਹੁਤ ਮਹਾਨ ਸੰਦੇਸ਼ ਹੈ | ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੇ ਬਹੁਤ ਵੱਡੇ ਅਰਥ ਹਨ | ਉਨ੍ਹਾਂ ਦੀ ਕੁਰਬਾਨੀ ਦਾ ਸੰਦੇਸ਼ ਅੱਜ ਦੇ ਸਮੇਂ ਵਿਚ ਹੋਰ ਵੀ ਵਧੇਰੇ ਸਾਰਥਕ ਹੈ ਕਿਉਂਕਿ ਹਾਕਮਾਂਾ ਦੇ ਜ਼ੁਲਮ ਅਤੇ ਸਮਾਜ ਵਿਚ ਧਰਮਾਂ, ਰੰਗ, ਜਾਤਾਂ ਆਦਿ ਦੇ ਭੇਦਭਾਵ ਅੱਜ ਵੀ ਬਰਕਰਾਰ ਹਨ | ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਇੰਨੀ ਮਹਾਨ ਹੈ ਕਿ ਉਨ੍ਹਾਂ ਤੋਂ ਪੇ੍ਰਰਣਾ ਲੈ ਕੇ ਤੁਰਨ ਵਾਲੇ ਲੋਕ ਹਨੇਰੇ ਵਿਚੋਂ ਵੀ ਰੋਸ਼ਨੀ ਲੱਭ ਲੈਂਦੇ ਹਨ | ਗੁਰੂ ਜੀ ਦੀ ਲਾ ਮਿਸਾਲ ਕੁਰਬਾਨੀ ਮਾਨਵਤਾ ਨੂੰ ਧਰਮ, ਜਾਤ-ਰੰਗ ਭੇਦ, ਫ਼ਿਰਕੇ ਆਦਿ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਸਾਨੂੰ ਪਿਆਰ, ਸਦਭਾਵਨਾ ਤੇ ਸ਼ਹਿਣਸ਼ੀਲਤਾ ਲਈ ਪ੍ਰੇਰਿਤ ਕਰਦੀ ਰਹੇਗੀ |
ਪੰਜਾਬ ਵਿਧਾਨ ਸਭਾ ਨੇ ਕਿਸਾਨ ਮੋਰਚੇ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਦਿਤੀ ਸ਼ਰਧਾਂਜਲੀ
ਮਿਲਖਾ ਸਿੰਘ ਤੇ ਮਾਨ ਕੌਰ ਸਣੇ ਦੋ ਦਰਜਨ ਹੋਰ ਵਿਛੜੀਆਂ ਸ਼ਖ਼ਸੀਅਤਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਦਨ ਵਿਚ ਸ਼ਰਧਾਂਜਲੀ
ਚੰਡੀਗੜ੍ਹ, 3 ਸਤੰਬਰ (ਨਰਿੰਦਰ ਸਿੰਘ): ਪੰਜਾਬ ਵਿਧਾਨ ਸਭਾ ਦੇ ਅੱਜ ਹੋਏ ਇਕ ਦਿਨ ਦੇ ਵਿਸ਼ੇਸ਼ ਮੌਨਸੂਨ ਸੈਸ਼ਨ ਵਿਚ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਜਿਥੇ ਸ਼ਰਧਾਂਜਲੀ ਦਿਤੀ ਗਈ, ਉਥੇ ਦਿੱਲੀ ਦੀਆਂ ਹੱਦਾਂ ਉਪਰ ਚਲ ਰਹੇ ਕਿਸਾਨ ਮੋਰਚੇ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਕੁਰਬਾਨੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਵੀ ਸਦਨ ਵਿਚ 2 ਮਿੰਟ ਮੋਨ ਖੜੇ ਹੋ ਕੇ ਸ਼ਰਧਾਂਜਲੀ ਦਿਤੀ ਗਈ |
ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਪੇਸ਼ ਸ਼ੋਕ ਮਤੇ ਵਿਚ ਸੋਧ ਕਰਵਾਉਂਦਿਆਂ ਕਾਂਗਰਸ ਦੇ ਰਣਦੀਪ ਸਿੰਘ ਨਾਭਾ ਨੇ ਇਹ ਸੁਝਾਅ ਰੱਖਿਆ ਸੀ | ਇਸ ਦਾ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸਮਰਥਨ ਕੀਤਾ ਸੀ | ਰਾਣਾ ਸੋਢੀ ਦੇ ਸੁਝਾਅ ਉਪਰ ਕ੍ਰਿਕਟਰ ਯਸ਼ਪਾਲ ਸ਼ਰਮਾ ਤੇ ਨਿਰਮਲ, ਮਿਲਖਾ ਸਿੰਘ ਦੇ ਨਾਂ ਵੀ ਸ਼ੋਕ ਮਤੇ ਵਿਚ ਵੀ ਸ਼ਾਮਲ ਕਰ ਲਏ ਗਏ | ਕੇਂਦਰੀ ਰਾਜ ਮੰਤਰੀ ਆਰ.ਐਲ. ਭਾਟੀਆ, ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ, ਗੁਲਜ਼ਾਰ ਸਿੰਘ, ਸੁਰਜੀਤ ਕੌਰ ਕਾਲਕਟ, ਚੌਧਰੀ ਰਾਧਾ ਕਿ੍ਸ਼ਨ ਅਤੇ ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਮੁੱਖ ਸੰਸਦੀ ਮੈਂਬਰ ਜਗਦੀਸ਼ ਸਾਹਨੀ ਤੋਂ ਇਲਾਵਾ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਅਤੇ ਜਗਰਾਜ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕੀਤੀ |
ਸਦਨ ਨੇ ਸ਼ਹੀਦ ਸਿਪਾਹੀ ਪ੍ਰਭਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸੇ ਦੌਰਾਨ ਆਜ਼ਾਦੀ ਘੁਲਾਟੀਏ ਕਾਲਾ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਅਤੇ ਸੁਲੱਖਣ ਸਿੰਘ ਨੂੰ ਵੀ ਸ਼ਰਧਾਂਜਲੀ ਦਿਤੀ ਗਈ | ਸਦਨ ਨੇ ਪ੍ਰਸਿੱਧ ਖੇਡ ਹਸਤੀਆਂ ਮਿਲਖਾ ਸਿੰਘ ਅਤੇ ਮਾਨ ਕੌਰ (ਦੋਵੇਂ ਅਥਲੀਟ) ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਸਦਨ ਨੇ ਸੂਬੇ ਦੇ ਸਾਬਕਾ ਮੁੱਖ ਸਕੱਤਰ ਵਾਈ.ਐਸ. ਰੱਤੜਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਨੂੰ ਵੀ ਯਾਦ ਕੀਤਾ | ਸਦਨ ਨੇ ਸੈਂਟਰ ਆਫ਼ ਰਿਸਰਚ ਔਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿੱਡ) ਦੇ ਸੰਸਥਾਪਕ ਰਸ਼ਪਾਲ ਮਲਹੋਤਰਾ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਸਦਨ ਨੇ ਮਹਿੰਦਰ ਕੌਰ (ਕੈਬਨਿਟ ਰੈਂਕ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਢੋਸ ਨੂੰ ਵੀ ਸ਼ਰਧਾਂਜਲੀ ਦਿਤੀ | ਇਸ ਨਾਲ ਹੀ ਨਾਭਾ ਤੋਂ ਵਿਧਾਇਕ ਰਣਦੀਪ ਸਿੰਘ ਨੇ ਸ਼ਹੀਦ ਗੁਰਜੰਟ ਸਿੰਘ ਦਾ ਨਾਮ, ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਨੇ ਸ਼ਹੀਦ ਸਬ-ਇੰਸਪੈਕਟਰ ਗੁਰਮੁਖ ਸਿੰਘ ਅਤੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਨੇ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਦੇ ਨਾਮ ਸ਼ਰਧਾਂਜਲੀ ਸੂਚੀ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਰਖਿਆ |
ਅਕਾਲੀਆਂ ਦੇ ਸ਼ੋਰ ਸ਼ਰਾਬੇ ਦੌਰਾਨ ਸੈਸ਼ਨ ਅਣਮਿਥੇ ਸਮੇਂ ਲਈ ਉਠਾਇਆ
ਇਸੇ ਦੌਰਾਨ ਅੱਜ ਸੈਸ਼ਨ ਦੇ ਅੰਤ ਵਿਚ ਕਾਰਜ ਸਲਾਹਕਾਰ ਕਮੇਟੀ ਦੀ ਰੀਪੋਰਟ ਰੱਖੀ ਅਤੇ ਇਸੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਨੂੰ ਅਣਮਿਥੇ ਸਮੇਂ ਲਈ ਉਠਾਉਣ ਬਾਰੇ ਨਿਯਮ 16 ਅਧੀਨ ਪ੍ਰਸਤਾਵ ਪੇਸ਼ ਕੀਤਾ | ਇਸ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸੈਸ਼ਨ ਨੂੰ ਅਣਮਿਥੇ ਸਮੇਂ ਲਈ ਉਠਾਉੁਣ ਦਾ ਵਿਰੋਧ ਕੀਤਾ | ਉਨ੍ਹਾਂ ਨਵਜੋਤ ਸਿੱਧੂ ਤੇ ਹੋਰ ਕਾਂਗਰਸੀ ਮੈਂਬਰਾਂ ਨੂੰ ਬੇਭਰੋਸਗੀ ਦਾ ਮਤਾ ਰੱਖਣ ਦੀ ਵੀ ਚੁਨੌਤੀ ਦਿਤੀ | ਦੂਜੇ ਪਾਸਿਉਂ ਕਾਂਗਰਸੀ ਮੈਂਬਰਾਂ ਨੇ ਵੀ ਖੜੇ ਹੋ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ | ਆਮ ਆਦਮੀ ਪਾਰਟੀ ਮੈਂਬਰ ਵੀ ਸੈਸ਼ਨ ਦਾ ਸਮਾਂ ਵਧਾਉਣ ਦੇ ਹੱਕ ਵਿਚ ਸਨ ਪਰ ਅਕਾਲੀਆਂ ਦੇ ਸ਼ੋਰ ਸ਼ਰਾਬੇ ਦੌਰਾਨ ਹੀ ਸਭਾ ਨੂੰ ਉਠਾਉਣ ਦਾ ਪ੍ਰਸਤਾਵ ਬਹੁਗਿਣਤੀ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਹੋ ਗਿਆ |