
ਅੰਮ੍ਰਿਤਸਰ ਦੋਸਤ ਮਿਲਣ ਆਈ ਅਮਰੀਕੀ ਲੜਕੀ ਅਪਣੇ ਵਤਨ ਵਾਪਸ ਪਰਤ ਗਈ ਹੈ........
ਅੰਮ੍ਰਿਤਸਰ : ਅੰਮ੍ਰਿਤਸਰ ਦੋਸਤ ਮਿਲਣ ਆਈ ਅਮਰੀਕੀ ਲੜਕੀ ਅਪਣੇ ਵਤਨ ਵਾਪਸ ਪਰਤ ਗਈ ਹੈ। ਇਨ੍ਹਾਂ ਦੋਵਾਂ ਦੀ ਦੋਸਤੀ ਫੇਸਬੁੱਕ 'ਤੇ ਹੋਈ ਸੀ ਤੇ ਇਹ ਅਮਰੀਕੀ ਲੜਕੀ ਅਪਣੇ ਮਾਪਿਆਂ ਨੂੰ ਦੱਸੇ ਬਿਨਾਂ ਪੁਲਕਿਤ ਨੂੰ ਮਿਲਣ ਇਥੇ ਆ ਗਈ ਸੀ। ਜਾਣਕਾਰੀ ਮੁਤਾਬਕ ਵਿਨਟੇਅ ਹੈਰਿਸ (22) ਅਮਰੀਕਾ ਦੇ ਸ਼ਹਿਰ ਮੈਰੀਲੈਂਡ 'ਚ ਜਿਮ ਟਰੇਨਰ ਵਜੋਂ ਕੰਮ ਕਰਦੀ ਹੈ। ਉਹ 19 ਸਤੰਬਰ ਨੂੰ ਅੰਮ੍ਰਿਤਸਰ ਆਈ ਸੀ। ਮਾਪਿਆਂ ਨੂੰ ਜਦੋਂ ਉਸ ਦੇ ਅੰਮ੍ਰਿਤਸਰ ਪੁੱਜਣ ਦੀ ਸੂਚਨਾ ਮਿਲੀ ਤਾਂ ਉਹ ਵੀ ਇਥੇ ਆ ਗਏ ਸਨ।
ਉਹ ਅਪਣੀ ਧੀ ਨੂੰ ਵਾਪਸ ਲਿਜਾਣਾ ਚਾਹੁੰਦੇ ਸਨ ਪਰ ਹੈਰਿਸ ਕੁੱਝ ਸਮਾਂ ਹੋਰ ਇਥੇ ਅਪਣੇ ਦੋਸਤ ਅਤੇ ਉਸ ਦੇ ਪਰਵਾਰ ਕੋਲ ਰਹਿਣਾ ਚਾਹੁੰਦੀ ਸੀ। ਅਮਰੀਕੀ ਪਰਵਾਰ ਬੀਤੀ ਰਾਤ ਅਪਣੀ ਧੀ ਨੂੰ ਵਾਪਸ ਲੈ ਕੇ ਗਿਆ। 12ਵੀਂ ਦੇ ਵਿਦਿਆਰਥੀ ਪੁਲਕਿਤ ਨੇ ਦਸਿਆ ਕਿ ਕੁੜੀ ਦੇ ਆਉਣ ਬਾਰੇ ਸੋਸ਼ਲ ਮੀਡੀਆ 'ਤੇ ਹੋਏ ਗਲਤ ਪ੍ਰਚਾਰ ਕਾਰਨ ਉਸ ਦੇ ਮਾਪੇ ਡਰੇ ਹੋਏ ਸਨ ਉਹ ਉਸ ਨੂੰ ਵਾਪਸ ਲੈ ਗਏ। ਉਹ ਦੋਵੇਂ ਅਪਣੇ ਮਾਪਿਆਂ ਨੂੰ ਪ੍ਰੇਸ਼ਾਨੀ 'ਚ ਨਹੀਂ ਪਾਉਣਾ ਚਾਹੁੰਦੇ ਸਨ, ਇਸ ਦੋਵਾਂ ਨੇ ਇਕ ਦੂਜੇ ਨੂੰ ਅਲਵਿਦਾ ਆਖ ਦਿਤਾ।
ਉਸ ਨੇ ਕਿਹਾ ਕਿ ਉਂਝ ਵੀ ਹੈਰਿਸ ਇਥੇ ਉਸ ਨੂੰ ਸਿਰਫ਼ ਮਿਲਣ ਦੇ ਇਰਾਦੇ ਨਾਲ ਆਈ ਸੀ ਤੇ ਦੋਵਾਂ ਦਾ ਫਿਲਹਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਵੀ ਨਹੀਂ ਸੀ। ਦਸਿਆ ਜਾ ਰਿਹਾ ਹੈ ਕਿ ਲੜਕੀ ਦੇ ਮਾਪੇ ਕੁੱਝ ਦਿਨ ਇਥੇ ਅੰਮ੍ਰਿਤਸਰ ਰਹੇ ਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਪੁਲਕਿਤ ਦੇ ਮਾਪਿਆਂ ਨੇ ਇਥੇ ਪੰਜ ਤਾਰਾ ਹੋਟਲ 'ਚ ਕੀਤਾ ਸੀ। ਇਸ ਦੌਰਾਨ ਪੁਲਕਿਤ ਤੇ ਵਿਟਨੇਅ ਹੈਰਿਸ ਨੇ ਇਕੱਠੇ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ।