
ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਨਿਰਦੇਸ਼ਾਂ ’ਤੇ ਪਠਾਨਕੋਟ ਬੱਸ ਅੱਡੇ ਉਤੇ ਚਲਾਇਆ ਸਫ਼ਾਈ ਅਭਿਆਨ
ਪਠਾਨਕੋਟ, 3 ਅਕਤੂਬਰ (ਦਿਨੇਸ਼ ਭਾਰਦਵਾਜ) : ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਨਿਰਦੇਸ਼ਾਂ ’ਤੇ ਪਠਾਨਕੋਟ ਬੱਸ ਅੱਡੇ ਅੰਦਰ ਜੀ ਐਮ ਰੋਡਵੇਜ ਡੀ ਐਸ ਗਿਲ ਦੀ ਅਗਵਾਈ ਹੇਠ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਨਾਜਰ ਅਜੇ ਭਾਟਿਆ, ਐਸ ਐਸ ਜਸਵੀਰ ਸਿੰਘ, ਸੁਪਰਟੈਂਡ ਸੁਭਾਸ਼ ਚੰਦਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਜੀਐਮ ਰੋਡਵੇਜ਼ ਡੀਐਸ ਗਿੱਲ ਨੇ ਹਾਜ਼ਰ ਲੋਕਾਂ ਨੂੰ ਸਫ਼ਾਈ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਅਪਣੇ ਆਲੇ ਦੁਆਲੇ ਨੂੰ ਸਾਫ਼ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵ ਨਿਯੁਕਤ ਟ੍ਰਾਂਸਪੋਰਟ ਮੰਤਰੀ ਰਾਜਾ ਵਡਿੰਗ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਟ੍ਰਾਂਸਪੋਰਟ ਵਲੋਂ ਦਿਤੇ ਆਦੇਸ਼ਾਂ ’ਤੇ ਹਰ 15 ਦਿਨਾਂ ਬਾਅਦ ਪੂਰੇ ਬੱਸ ਅੱਡੇ ਦੀ ਸਫ਼ਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟੇਸ਼ਨ ਸੁਪਰਵਾਈਜ਼ਰ ਜਸਵੀਰ ਸਿੰਘ ਨੂੰ ਨਿਰਦੇਸ਼ ਦਿਤੇ ਕਿ ਉਹ ਸਾਰੇ ਅੱਡਾ ਇੰਚਾਰਜਾਂ ਅਤੇ ਡਰਾਈਵਰਾਂ-ਕੰਡਕਟਰਾਂ ਨੂੰ ਬੱਸ ਅੱਡੇ ’ਤੇ ਗੰਦਗੀ ਫੈਲਾਉਣ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ, ਤਾਂ ਜੋ ਬੱਸ ਅੱਡੇ ਨੂੰ ਸਾਫ਼ ਰਖਿਆ ਜਾ ਸਕੇ। ਇਸ ਤੋਂ ਬਾਅਦ, ਜਦੋਂ ਜੀਐਮ ਰੋਡਵੇਜ਼ ਖ਼ੁਦ ਝਾੜੂ ਫੜ ਕੇ ਸਫ਼ਾਈ ਸੇਵਕਾਂ ਨਾਲ ਸਫ਼ਾਈ ਕਰ ਰਹੇ ਸਨ, ਦੂਜੇ ਅਧਿਕਾਰੀ ਦਰਸ਼ਕਾਂ ਦੀ ਤਰ੍ਹਾਂ ਉਨ੍ਹਾਂ ਦੇ ਪਿੱਛੇ ਚਲਦੇ ਵੇਖੇ ਗਏ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਜੀਐਮ ਨੇ ਕਿਹਾ ਕਿ ਬੱਸ ਅੱਡੇ ’ਤੇ ਤਾਇਨਾਤ ਸਫ਼ਾਈ ਕਰਮਚਾਰੀਆਂ ਕੋਲ ਵਾਧੂ ਝਾੜੂ ਨਾ ਮਿਲਣ ਕਾਰਨ ਇਨ੍ਹਾਂ ਅਧਿਕਾਰੀਆਂ ਨੇ ਝਾੜੂ ਨਹੀਂ ਫੜੇ ਹਨ।
ਪੀਟੀਕੇ-ਦਿਨੇਸ਼ ਭਾਰਦਵਾਜ-3-1
ਫੋਟੋ ਕੈਪਸ਼ਨ-
ਟ੍ਰਾਂਸਪੋਰਟ ਮੰਤਰੀ ਦੇ ਨਿਰਦੇਸ਼ਾਂ ’ਤੇ ਝਾੜੂ ਮਾਰ ਕੇ ਸਫ਼ਾਈ ਕਰਦੇ ਹੋਏ ਜੀਐਮ ਰੋਡਵੇਜ਼।