
ਮੁਲਾਜ਼ਮਾਂ ਨੂੰ ਹੋਰ ਸੰਸਥਾਵਾਂ 'ਚ ਤਬਦੀਲ ਕਰਾਂਗੇ: ਮੰਤਰੀ ਹਰਜੋਤ ਬੈਂਸ
ਸੰਗਰੂਰ: ਸੰਗਰੂਰ ਦੇ ਲਹਿਰਾਗਾਗਾ ਸਥਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਬੋਰਡ ਆਫ ਗਵਰਨਰਜ਼ (ਬੀਓਜੀ) ਦੇ ਮੈਂਬਰ ਸਕੱਤਰ ਨੇ ਸੰਸਥਾ ਦੇ ਲਗਪਗ 100 ਮੁਲਾਜ਼ਮਾਂ ਨੂੰ ਇੱਕ ਮਹੀਨੇ ਦਾ ਛਾਂਟੀ ਨੋਟਿਸ ਜਾਰੀ ਕੀਤਾ ਹੈ। ਮੰਤਰੀ ਹਰਜੋਤ ਸਿੰਘ ਬੈਂਸ ਦੀ ਪ੍ਰਧਾਨਗੀ ਤੇ ਹੇਠ ਸੰਸਥਾ ਦੇ ਬੀਓਜੀ ਦੀ ਮੀਟਿੰਗ 'ਚ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹੋਰ ਸਰਕਾਰੀ ਸੰਸਥਾਵਾਂ ਤਬਦੀਲ ਕੀਤਾ ਜਾਵੇਗਾ। ਪੀੜਤ ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਈ ਮਹੀਨੇ ਲਹਿਰਾਗਾਗਾ 'ਚ ਇੱਕ ਸਮਾਗਮ ਦੌਰਾਨ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਛਾਂਟੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਦੇ ਸੇਵਾ ਕਾਲ ਵਿਚ 31 ਮਾਰਚ ਤਕ ਕੀਤਾ ਵਾਧਾ
‘ਛਾਂਟੀ ਨੋਟਿਸਾਂ’ ਨੂੰ ਚੁਣੌਤੀ ਦਿੰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਬੋਰਡ ਆਫ਼ ਗਵਰਨਰਜ਼ ਦੀ ਪ੍ਰਮਾਣਕਤਾ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਬੀਓਜੀ ਦੀ ਮਿਆਦ 2018 ਵਿੱਚ ਖ਼ਤਮ ਹੋ ਚੁੱਕੀ ਹੈ। ਮੁਲਾਜ਼ਮਾਂ ਦੇ ਬਕਾਏ ਦੀ ਅਦਾਇਗੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਹੁੰਚ ਕਰਨ ਵਾਲੇ ਪੀੜਤ ਮੁਲਾਜ਼ਮ ਅਜੀਤ ਸਿੰਘ ਨੇ ਕਿਹਾ ਕਿ ਉਹ ‘ਛਾਂਟੀ ਨੋਟਿਸਾਂ' ਨੂੰ ਅਦਾਲਤ 'ਚ ਚੁਣੌਤੀ ਦੇਣਗੇ।
ਇਹ ਵੀ ਪੜ੍ਹੋ: SGPC ਚੋਣਾਂ ਨੂੰ ਲੈ ਕੇ ਹਲਚਲ ਤੇਜ਼: 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਵੋਟਾਂ ਬਣਾਉਣ ਦੀ ਪ੍ਰਕਿਰਿਆ
ਦੱਸਣਯੋਗ ਹੈ ਕਿ 2019 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਲਹਿਰਗਾਗਾ ਨੂੰ ਬੰਦ ਕਰਨ ਦੀ ਤਜਵੀਜ਼ ਪੇਸ਼ ਕੀਤੀ ਅਤੇ ਉਹ ਇਸ ਦੀ ਇਮਾਰਤ ਨੂੰ ਆਈਟੀਆਈ ਜਾਂ ਡਿਗਰੀ ਕਾਲਜ ਲਈ ਵਰਤਣਾ ਚਾਹੁੰਦੀ ਸੀ ਪਰ ਅਪਰੈਲ 2021 `ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਥਾ ਦੀ ਮੁੜ ਸੁਰਜੀਤੀ ਦੇ ਹੁਕਮ ਪਾਸ ਕੀਤੇ ਸਨ।