
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ...
ਚੰਡੀਗੜ੍ਹ (ਪੀਟੀਆਈ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੇ ਪਾਰਟੀ ਤੋਂ ਮੁਅੱਤਲ ਹੋਣ ਤੋਂ ਬਾਅਦ ਪਾਰਟੀ ਮਜ਼ਬੂਤ ਹੋਵੇਗੀ। ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਉਕਤ ਦੋਵਾਂ ਵਿਧਾਇਕਾਂ ਨੂੰ ਸੁਧਾਰਣ ਅਤੇ ਲਾਈਨ ‘ਤੇ ਲਿਆਉਣ ਦੇ ਨਾ ਸਿਰਫ਼ ਮੌਕੇ ਦਿਤੇ ਗਏ ਸਗੋਂ ਕੋਸ਼ਿਸ਼ ਵੀ ਕੀਤੀ ਗਈ ਪਰ ਹਰ ਕੋਸ਼ਿਸ਼ ‘ਤੇ ਪਾਣੀ ਫੇਰ ਦਿਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਸਨ ਸਗੋਂ ਉਨ੍ਹਾਂ ਤਾਕਤਾਂ ਲਈ ਵੀ ਇਕ ਤਰ੍ਹਾਂ ਦਾ ਸਮਰਥਨ ਸੀ ਜੋ ਲੰਬੇ ਸਮੇਂ ਤੋਂ ਪੰਜਾਬ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰ ਰਹੀਆਂ ਹਨ। ਇਸ ਕਾਰਵਾਈ ਤੋਂ ਬਾਅਦ ਹੁਣ ਪਾਰਟੀ ਵਿਚ ਅਨੁਸ਼ਾਸਨਹੀਣਤਾ ‘ਤੇ ਬ੍ਰੇਕ ਲੱਗੇਗੀ, ਕਿਉਂਕਿ ਜੇਕਰ ਅਨੁਸ਼ਾਸਨ ਨਹੀਂ ਹੁੰਦਾ ਹੈ ਤਾਂ ਰਾਜਨੀਤਿਕ ਦਲ ਜਾਂ ਸੰਗਠਨ ਹੀ ਨਹੀਂ ਸਗੋਂ ਪਰਵਾਰ ਵੀ ਟੁੱਟਣ ਦੀ ਕਗਾਰ ‘ਤੇ ਪਹੁਂਚ ਜਾਂਦੇ ਹਨ।
ਚੀਮਾ ਨੇ ਕਿਹਾ ਕਿ ਖਹਿਰਾ ਗੁਟ ਦੇ ਨਾਲ ਜੁੜੇ ਪਾਰਟੀ ਵਿਧਾਇਕ ਉਨ੍ਹਾਂ ਦੇ ਲਗਾਤਾਰ ਸੰਪਰਕ ਵਿਚ ਹਨ ਅਤੇ ਪਾਰਟੀ ਵਲੋਂ ਚੁੱਕੇ ਗਏ ਕਦਮ ਤੋਂ ਬਾਅਦ ਹੁਣ ਇਨ੍ਹਾਂ ਨਾਰਾਜ਼ ਵਿਧਾਇਕਾਂ ਨੂੰ ਵੀ ਪਾਰਟੀ ਦੀ ਮੇਨ ਸਟਰੀਮ ਵਿਚ ਸ਼ਾਮਿਲ ਹੋਣ ਦਾ ਨਾ ਸਿਰਫ ਮੌਕੇ ਮਿਲੇਗਾ ਸਗੋਂ ਇਸ ਦੇ ਲਈ ਪਾਰਟੀ ਦੀ ਸਟੇਟ ਕੋਰ ਕਮੇਟੀ ਵਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ।