
Migratory Birds: ਸਰਦੀ ਵਧਦੇ ਹੀ 20 ਹਜ਼ਾਰ ਪੰਛੀਆਂ ਦੇ ਪਹੁੰਚਣ ਦੀ ਉਮੀਦ
Migratory Birds: ਬੇਸ਼ੱਕ ਪੰਜਾਬ ਦੇ ਮੌਸਮ ’ਚ ਫਿਲਹਾਲ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ ਪਰ ਗੁਰਦਾਸਪੁਰ ਤੋਂ ਸਿਰਫ਼ ਪੰਜ ਕਿਲੋਮੀਟਰ ਦੀ ਦੂਰੀ ’ਤੇ ਕਰੀਬ 850 ਏਕੜ ਰਕਬੇ ’ਚ ਫੈਲਿਆ ਪ੍ਰਸਿੱਧ ਕੇਸ਼ੋਪੁਰ ਛੰਭ ਵਿਦੇਸ਼ਾਂ ਤੋਂ ਪ੍ਰਵਾਸੀ ਪੰਛੀਆਂ ਦੀ ਆਮਦ ਨਾਲ ਗੂੰਜਣ ਲੱਗਾ ਹੈ ਜਦਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਰਦੀਆਂ ਸ਼ੁਰੂ ਹੁੰਦੇ ਹੀ ਇੱਥੇ 20 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਆਉਣਗੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਨ੍ਹਾਂ ਪ੍ਰਵਾਸੀ ਪੰਛੀਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹਨ।
ਸੂਤਰਾਂ ਅਨੁਸਾਰ ਇਹ ਪ੍ਰਵਾਸੀ ਪੰਛੀ ਸਾਇਬੇਰੀਆ, ਰੂਸ, ਮੱਧ ਪੂਰਬ ਦੇ ਦੇਸ਼ਾਂ, ਚੀਨ ਅਤੇ ਮਾਨਸਰੋਵਰ ਝੀਲ (ਭਾਰਤ) ਤੋਂ ਆਉਂਦੇ ਹਨ। ਇਨ੍ਹਾਂ ਪ੍ਰਵਾਸੀ ਪੰਛੀਆਂ ਵਿਚ ਮੁੱਖ ਪ੍ਰਜਾਤੀਆਂ ਦੇ ਪੰਛੀਆਂ ਵਿਚ ਨਾਰਦਰਨ ਸ਼ੋਲਰ, ਨਾਰਦਰਨ ਪਿਨਟੇਲ, ਗੌਡਵਾਲ, ਕਾਮਨ ਕੂਟ, ਰੱਡੀ ਸ਼ੈੱਲ ਡਕ, ਯੂਰੇਸ਼ੀਅਨ ਵਿਜਿਅਨ, ਕਾਮਨ ਮੂਰ ਹੈਨਜ਼, ਪਰਪਲ ਮੂਰ ਹੈਨਜ਼, ਮਲਾਰਡਸ, ਕਾਮਨ ਕ੍ਰੇਨਜ਼ ਅਤੇ ਸਟੌਰਕ ਕ੍ਰੇਨ ਆਦਿ ਸ਼ਾਮਲ ਹਨ।
ਕਿਹਾ ਜਾਂਦਾ ਹੈ ਕਿ ਇਹ ਕੇਸ਼ੋਪੁਰ ਛੰਭ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਸ਼ਿਕਾਰ ਸਥਾਨ ਸੀ। ਹਰ ਸਾਲ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵਿਚ ਇਹ ਪੰਛੀ ਆਪੋ-ਅਪਣੇ ਦੇਸ਼ਾਂ ਤੋਂ ਇਸ ਛੰਭ ’ਚ ਆਉਂਦੇ ਹਨ ਜਿਥੇ ਸਰਦੀਆਂ ਦੇ ਮੌਸਮ ’ਚ ਬਹੁਤ ਬਰਫ਼ ਪੈਂਦੀ ਹੈ ਅਤੇ ਲਗਭਗ 15 ਮਾਰਚ ਤਕ ਇਹ ਮੁੜ ਅਪਣੇ ਵਤਨ ਪਰਤ ਜਾਂਦੇ ਹਨ। ਇਹ ਛੰਭ ਲਗਭਗ ਪੰਜ ਪਿੰਡਾਂ ਜਿਵੇਂ ਕਿ ਕੇਸ਼ੋਪੁਰ, ਮਗਰਮੂਦੀਆਂ, ਮੱਟਮ, ਮਿਆਣੀ ਅਤੇ ਡਾਲਾ ਨਾਲ ਸਬੰਧਤ ਹੈ।