
ਪੱਛਮ ਦੇ ਵਿਕਾਸ ਵਿਚ ਅਚਾਨਕ ਬਦਲਾਅ ਆਇਆ ਪਰ ਇਸ ਕਾਰਨ ਧਾਰਮਿਕ ਸੰਸਥਾਵਾਂ ਦੀ ਆਮਦਨ ਵਿਚ ਕਮੀ ਹੋਈ ਜਦਕਿ ਲੋਕ ਅਮੀਰ ਹੋ ਗਏ। ਇੰਗਲੈਂਡ, ਕੈਨੇਡਾ ਅਤੇ ਹੋਰ ਦੇਸ਼ਾਂ ...
ਚੰਡੀਗੜ੍ਹ (ਸਸਸ) :- ਪੱਛਮ ਦੇ ਵਿਕਾਸ ਵਿਚ ਅਚਾਨਕ ਬਦਲਾਅ ਆਇਆ ਪਰ ਇਸ ਕਾਰਨ ਧਾਰਮਿਕ ਸੰਸਥਾਵਾਂ ਦੀ ਆਮਦਨ ਵਿਚ ਕਮੀ ਹੋਈ ਜਦਕਿ ਲੋਕ ਅਮੀਰ ਹੋ ਗਏ। ਇੰਗਲੈਂਡ, ਕੈਨੇਡਾ ਅਤੇ ਹੋਰ ਦੇਸ਼ਾਂ 'ਤੇ ਕਈ ਚਰਚ ਬੰਦ ਹੋ ਗਏ ਜਾਂ ਸੀਮਤ ਹੋ ਗਏ, ਕੁੱਝ ਹੋਰ ਧਰਮਾਂ ਵਾਲਿਆਂ ਨੂੰ ਵੇਚ ਦਿਤੇ ਗਏ ਹਨ, ਜਿਨ੍ਹਾਂ ਨੂੰ ਮੰਦਰ ਅਤੇ ਮਸਜਿਦਾਂ ਵਿਚ ਤਬਦੀਲ ਕੀਤਾ ਗਿਆ ਹੈ। ਦੂਜੇ ਪਾਸੇ ਭਾਰਤ ਵਿਚ ਦੇਵਤੇ ਅਮੀਰ ਹੋ ਗਏ ਹਨ ਅਤੇ ਲੋਕ ਗ਼ਰੀਬ ਹੋ ਗਏ ਹਨ। ਭਾਰਤ ਵਿਚ ਸਾਰੇ ਧਰਮਾਂ ਦੇ ਧਾਰਮਿਕ ਸੰਗਠਨਾਂ ਦੀ ਗਿਣਤੀ ਵਧ ਰਹੀ ਹੈ।
Padmanava Swami Temple
ਪ੍ਰਸਿੱਧ ਤੀਰਥ ਅਸਥਾਨਾਂ 'ਤੇ ਲੱਖਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ ਜੋ ਅਪਣੇ ਕਾਰੋਬਾਰ ਦੀ ਤਰੱਕੀ ਲਈ ਅਪਣੇ ਦੇਵਤਿਆਂ ਨੂੰ ਵੱਧ ਤੋਂ ਵੱਧ ਧਨ ਦੇ ਰਹੇ ਹਨ ਪਰ ਇਸ ਨਾਲ ਦੇਵਤੇ ਅਮੀਰ ਬਣ ਗਏ ਹਨ ਅਤੇ ਲੋਕ ਗ਼ਰੀਬ। ਇਸ ਕਾਰਨ ਭਾਰਤ ਵਿਚ ਦੌਲਤ ਦਾ ਵੱਡਾ ਹਿੱਸਾ ਕਾਲੇ ਧਨ ਦੇ ਤੌਰ 'ਤੇ ਕਾਨੂੰਨੀ ਟੈਕਸ ਪ੍ਰਣਾਲੀ ਤੋਂ ਬਾਹਰ ਰਹਿੰਦਾ ਹੈ ਅਤੇ ਇਹ ਮੰਦਰਾਂ ਦੇ ਦਾਨ ਬਕਸਿਆਂ ਵਿਚ ਪਹੁੰਚ ਜਾਂਦਾ ਹੈ। ਇਹ ਸਾਰੀ ਜਾਣਕਾਰੀ ਲੇਖਿਕਾ ਪੁਸ਼ਪਾ ਸੁੰਦਰ ਦੇ ਇਕ ਲੇਖ ਵਿਚੋਂ ਲਈ ਗਈ ਹੈ।
Venkateswara Temple
ਭਾਰਤ ਦੇ 30 ਫ਼ੀਸਦੀ ਪਰਵਾਰਾਂ ਨੂੰ ਘਾਹ-ਫੂਸ ਦੇ ਘਰਾਂ ਵਿਚ ਰਹਿਣਾ ਪੈ ਰਿਹਾ ਹੈ, ਨਾ ਹੀ ਉਨ੍ਹਾਂ ਕੋਲ ਸਰੀਰ ਢਕਣ ਲਈ ਕੱਪੜੇ ਹਨ ਅਤੇ ਨਾ ਹੀ ਪਾਣੀ ਅਤੇ ਪੌਸ਼ਟਿਕ ਖਾਣਾ। ਇੱਥੋਂ ਤਕ ਟਾਇਲਟ ਜਾਣ ਲਈ ਵੀ ਥਾਂ ਨਹੀਂ ਹੈ। ਭਾਰਤ ਵਿਚ 16 ਤੋਂ ਜ਼ਿਆਦਾ ਧਰਮਾਂ ਦੇ ਦੇਵਤਿਆਂ ਕੋਲ ਕਰੋੜਾਂ ਦੀ ਆਮਦਨ ਹੁੰਦੀ ਹੈ। ਉਨ੍ਹਾਂ ਨੇ ਵਧੀਆ ਕੱਪੜੇ ਤੇ ਸੋਨੇ ਦੇ ਗਹਿਣੇ ਪਹਿਨੇ ਹੁੰਦੇ ਹਨ। ਸੋਨੇ ਦੇ ਸਾਫ਼ ਸੁਥਰੇ ਅਸਥਾਨਾਂ ਵਿਚ ਰਹਿੰਦੇ ਹਨ ਅਤੇ ਸੋਨੇ ਦੇ ਰਥਾਂ ਵਿਚ ਸਫ਼ਰ ਕਰਦੇ ਹਨ। ਭਾਰਤ ਦੇ ਸਾਰੇ ਮੰਦਰਾਂ 'ਚੋਂ ਅਮੀਰ ਪਦਮਨਾਭ ਸਵਾਮੀ ਮੰਦਰ ਦੀ ਸੰਪਤੀ 20 ਅਰਬ ਡਾਲਰ ਹੋਣ ਦਾ ਅੰਦਾਜ਼ਾ ਹੈ।
Siddhivinayak Temple
ਮੰਦਰ ਵਿਚ ਮਹਾਵਿਸ਼ਨੂੰ ਦੀ ਸੁਨਹਿਰੀ ਮੂਰਤੀ 'ਤੇ ਐਂਟੀਕ ਸੋਨੇ ਦੇ ਗਹਿਣੇ, ਸੋਨੇ ਦਾ ਮੁਕਟ, ਸੋਨੇ ਦਾ ਧਨੁਸ਼ ਹੈ। ਦੇਵਤੇ ਨੂੰ ਸਜਾਉਣ ਵਾਲਾ ਸੋਨੇ ਦਾ ਹਾਰ 18 ਫੁੱਟ ਲੰਬਾ ਹੈ, ਜਿਸ ਦਾ ਵਜ਼ਨ ਢਾਈ ਕਿਲੋਗ੍ਰਾਮ ਹੈ। ਦੂਜਾ ਸਭ ਤੋਂ ਅਮੀਰ ਮੰਦਰ ਤਿਰੂਪਤੀ ਵਿਚ ਵੈਂਕਟੇਸ਼ਵਰ ਦੇਵਤੇ ਦਾ ਹੈ, ਜਿੱਥੇ ਇਕ ਸਾਲ ਕਰੀਬ 60 ਹਜ਼ਾਰ ਸੈਲਾਨੀ ਆਉਂਦੇ ਹਨ ਅਤੇ ਮੰਦਰ ਨੂੰ 650 ਕਰੋੜ ਰੁਪਏ ਦਾਨ ਕਰਦੇ ਹਨ। ਦੇਵਤੇ ਉਪਰ ਪਾਏ ਸੋਨੇ ਦੇ ਗਹਿਣਿਆਂ ਦਾ ਭਾਰ ਇਕ ਹਜ਼ਾਰ ਕਿਲੋ ਹੈ। ਇਸੇ ਤਰ੍ਹਾਂ ਸਿੱਧੀਵਿਨਾਇਕ ਮੰਦਰ ਦੇ ਗੁੰਬਦ ਅਤੇ ਗਣੇਸ਼ ਦੀ ਮੂਰਤੀ 'ਤੇ 3.7 ਕਿਲੋ ਸੋਨਾ ਲਗਾਇਆ ਗਿਆ ਹੈ।
ਮੰਦਰ ਦੀ ਸਾਲਾਨਾ ਔਸਤਨ ਆਮਦਨ 48 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸਿਰੜੀ ਸਾਈਂ ਬਾਬਾ, ਜਿਨ੍ਹਾਂ ਨੇ ਅਪਣੇ ਜੀਵਨ ਵਿਚ ਤਪੱਸਿਆ ਲਈ ਸਾਰੀਆਂ ਸੰਪਤੀਆਂ ਦਾ ਤਿਆਗ਼ ਕਰ ਦਿਤਾ ਸੀ, ਦੇ ਮੰਦਰ ਵਿਚ 32 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਹਨ ਜਦਕਿ 6 ਲੱਖ ਰੁਪਏ ਤੋਂ ਜ਼ਿਆਦਾ ਦੇ ਚਾਂਦੀ ਦੇ ਸਿੱਕੇ ਹਨ। ਧਰਮ ਦੇ ਵਪਾਰੀਕਰਨ ਨਾਲ ਧਾਰਮਿਕ ਸੰਸਥਾਵਾਂ ਦੇ ਆਮਦਨੀ ਵਧਦੀ ਜਾ ਰਹੀ ਹੈ। ਰੀਤੀ ਰਿਵਾਜ਼ ਅਤੇ ਤਿਓਹਾਰਾਂ ਮੌਕੇ ਪ੍ਰਚਾਰਿਤ ਖ਼ਰਚ ਦੇ ਜ਼ਰੀਏ ਪਰਮੇਸ਼ਵਰੀ ਦੌਲਤ ਵਿਚ ਵਾਧਾ ਹੋ ਰਿਹਾ ਹੈ।
Lalbaug Ganesh Festival
ਧਾਰਮਿਕ ਤਿਓਹਾਰਾਂ ਨੂੰ ਵਪਾਰੀਕਰਨ ਅਤੇ ਰਾਜਨੀਤੀ ਦਾ ਰੂਪ ਦਿਤਾ ਜਾ ਰਿਹਾ ਹੈ। ਉਦਾਹਰਨ ਦੇ ਤੌਰ 'ਤੇ ਜਨਮਅਸ਼ਟਮੀ ਦੇ ਸਮੇਂ ਦਹੀਂ-ਹਾਂਡੀ ਤੋੜਨ ਦੀ ਪ੍ਰੰਪਰਾ। ਮੁੰਬਈ ਵਿਚ ਇਹ ਕਥਿਤ ਤੌਰ 'ਤੇ ਪੈਸੇ ਦੀ ਇਕ ਖੇਡ ਬਣ ਕੇ ਰਹਿ ਗਈ ਹੈ। ਗਣੇਸ਼ ਤਿਓਹਾਰ ਵਿਚ ਵਪਾਰੀਕਰਨ ਤੋਂ ਪੀੜਤ ਹੈ। ਸਭ ਤੋਂ ਪ੍ਰਸਿੱਧ ਗਣੇਸ਼ ਤਿਓਹਾਰ ਲਾਲਬਾਗ ਦਾ ਹੈ, ਜਿਸ ਦੀ ਸਥਾਪਨਾ 1934 ਵਿਚ ਹੋਈ ਸੀ, ਜਿਸ ਨੂੰ ਲਾਲਬਾਗ਼ਚਾ ਰਾਜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੁੰਬਈ ਦੇ ਸਭ ਤੋਂ ਗ਼ਰੀਬ ਇਲਾਕਿਆਂ ਵਿਚੋਂ ਇਕ ਵਿਚ ਸਥਿਤ ਸੀ ਪਰ ਹੁਣ ਇਸ 'ਤੇ ਵੀ ਵਪਾਰੀਕਰਨ ਹਾਵੀ ਹੋ ਗਿਆ ਹੈ।
ਇਸ ਸਾਲਾਨਾ ਗਣੇਸ਼ ਉਤਸਵ ਦਾ ਬੀਮਾ ਕਵਰ ਕੀਤਾ ਗਿਆ ਹੈ, ਜਦਕਿ ਸਰਕਾਰ ਦੇ ਵਾਅਦਿਆਂ ਦੇ ਬਾਵਜੂਦ ਸਧਾਰਨ ਲੋਕਾਂ ਕੋਲ ਬੀਮਾ ਕਵਰ ਨਹੀਂ ਹੈ। 68 ਕਿਲੋ ਸੋਨੇ, 315 ਕਿਲੋ ਚਾਂਦੀ ਦੇ ਮੰਡਪ ਕੇ ਕਾਰਨ 300 ਕਰੋੜ ਦਾ ਬੀਮਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਲਬਾਗਚਾ ਰਾਜਾ ਨੂੰ ਸੰਭਾਲਣ ਵਾਲੇ ਆਯੋਜਕਾਂ ਲਈ 13.2 ਲੱਖ ਦਾ ਪ੍ਰੀਮੀਅਮ ਦੇ ਕੇ ਅਪਣਾ ਖ਼ੁਦ ਦਾ ਮੰਡਲ ਬੀਮਾ ਕੀਤਾ ਗਿਆ ਹੈ। ਹੁਣ ਨੌਬਤ ਇਥੋਂ ਤਕ ਪੁੱਜ ਗਈ ਹੈ ਕਿ ਸਰਕਾਰਾਂ ਵੀ ਪੈਸੇ ਲਈ ਮੰਦਰਾਂ ਅੱਗੇ ਹੱਥ ਅੱਡਣ ਲੱਗ ਪਈਆਂ ਹਨ। ਮਹਾਰਾਸ਼ਟਰ ਸਰਕਾਰ ਵਲੋਂ ਕੁੱਝ ਅਜਿਹਾ ਹੀ ਕੀਤਾ ਗਿਆ ਹੈ, ਜਿਸ ਨੇ ਨਹਿਰਾਂ ਬਣਾਉਣ ਲਈ ਸਿਰੜੀ ਸਾਈਂ ਮੰਦਰ ਕੋਲੋਂ 500 ਕਰੋੜ ਰੁਪਏ ਦਾ ਕਰਜ਼ ਲਿਆ ਹੈ।