
ਇਨ੍ਹਾਂ ਕਲਵਟਾਂ ਨੂੰ ਅੱਗੇ 60 ਮੀਟਰ 'ਰਾਈਟ ਆਫ ਵੇਅ' ਨਾਲਿਆਂ ਨਾਲ ਜੋੜਿਆ ਗਿਆ ਹੈ।
ਜਲੰਧਰ: ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦੀ 4 ਲੇਨ ਨਵੀਂ ਸੜਕ ਨੇ ਹਜ਼ਾਰਾਂ ਹੋਰ ਸੰਭਾਵਨਾਵਾਂ ਦਾ ਰਾਹ ਬਣਾਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਨਵੀਂ ਬਣੀ 4 ਲੇਨ ਸੜਕ ਨੇ ਸਿਰਫ ਕਰਤਾਰਪੁਰ ਦੇ ਲਾਂਘੇ ਲਈ ਰਾਹ ਹੀ ਨਹੀਂ ਬਣਾਇਆ, ਇਸ ਨੇ ਡੇਰਾ ਬਾਬਾ ਨਾਨਕ ਦੇ ਬਾਸ਼ਿੰਦਿਆਂ ਨੂੰ ਨਵੀਂ ਉਮੀਦ ਦਿੱਤੀ ਹੈ। ਦਸੰਬਰ ਦੀ ਧੁੰਦ ਭਰੀ ਸਵੇਰ ਵਿਚਾਲੇ ਡੇਰਾ ਬਾਬਾ ਨਾਨਕ ਦੇ ਜਗਤਾਰ ਸਿੰਘ ਸੈਰ ਕਰਦੇ ਹੋਏ ਮਿਲੇ।
Photoਜਗਤਾਰ ਸਿੰਘ ਕਹਿੰਦੇ ਹਨ ਕਿ ਅੰਦਰ ਇਕ ਅਜਬ ਜਿਹੀ ਖੁਸ਼ੀ ਹੈ ਕਿ ਇਹ ਸਭ ਕੁਝ ਵੀ ਅਸੀਂ ਵੇਖਣਾ ਸੀ। ਡੇਰਾ ਬਾਬਾ ਨਾਨਕ ਤੋਂ ਲੋਕ ਹਮੇਸ਼ਾ ਦੂਜੇ ਸ਼ਹਿਰਾਂ ਨੂੰ ਚਲੇ ਗਏ ਅਤੇ ਵਿਕਾਸ ਪੱਖੋਂ ਵੀ ਇਹ ਹਮੇਸ਼ਾ ਫਾਡੀ ਹੀ ਰਿਹਾ। ਹੁਣ ਉਮੀਦ ਬਣਦੀ ਹੈ ਕਿ ਡੇਰਾ ਬਾਬਾ ਨਾਨਕ ਆਪਣੀ ਨਵੀਂ ਦਿੱਖ ਨਾਲ ਕੁਝ ਬਿਹਤਰ ਹੋਵੇਗਾ। 500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਡੇਰਾ ਬਾਬਾ ਨਾਨਕ ਸਰਵੇ ਮੁਤਾਬਕ ਇੱਥੋਂ ਦੀ ਆਬਾਦੀ 6000 ਸੀ, ਜੋ ਹੁਣ 10000 ਹੈ।
Photo ਇੱਥੋਂ ਦੇ ਹੀ ਵਸਨੀਕ ਗੁਰਬਖਸ਼ ਸਿੰਘ ਦੱਸਦੇ ਹਨ ਕਿ ਡੇਰਾ ਬਾਬਾ ਨਾਨਕ ਟਰਮੀਨਲ ਬਣਨ ਕਾਰਣ ਅਤੇ ਟਰਮੀਨਲ ਨੂੰ ਜਾਂਦੀ ਹੋਈ ਇਸ ਵੱਡੀ ਸੜਕ ਕਰ ਕੇ ਡੇਰਾ ਬਾਬਾ ਨਾਨਕ ਨੂੰ ਨਵੀਂ ਦਿੱਖ ਮਿਲੀ ਹੈ। ਉਨ੍ਹਾਂ ਮੁਤਾਬਕ ਵੱਡੀ ਸੜਕ ਹੋਰ ਵਿਕਾਸ ਦਾ ਇਸ਼ਾਰਾ ਹੈ। ਸੜਕ ਦੇ ਨਾਲ ਹੋਈ ਖੂਬਸੂਰਤ ਪਲਾਂਟੇਸ਼ਨ ਇਸ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਗੁਰਬਖ਼ਸ਼ ਸਿੰਘ ਹੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੀਆਂ ਤੰਗ ਅਤੇ ਖਸਤਾ ਹਾਲ ਸੜਕਾਂ ਹੀ ਵੇਖੀਆਂ ਸਨ।
Photoਕਰਤਾਰਪੁਰ ਕੋਰੀਡੋਰ ਦੀ ਇਸ ਸੜਕ ਦਾ ਨਿਰਮਾਣ 8 ਮਹੀਨਿਆਂ ਦੇ ਸੀਮਤ ਸਮੇਂ ਵਿਚ ਪੂਰਾ ਕਰਨਾ ਸੀ। 90 ਕਰੋੜ ਦੀ ਲਾਗਤ ਨਾਲ ਇਸ ਸੜਕ ਦਾ ਨਿਰਮਾਣ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿਚ ਬੇਮੌਸਮੀ ਮੀਂਹ ਪੈਣ ਕਰ ਕੇ ਸੜਕ ਦੇ ਫੁੱਟਪਾਥ ਉੱਤੇ ਇਕ ਦੋ ਥਾਵਾਂ 'ਤੇ ਮਿੱਟੀ ਖਿਸਕੀ ਸੀ। ਸਬੰਧਤ ਅਧਿਕਾਰੀਆਂ ਮੁਤਾਬਕ ਉਹ ਇਸ ਦਾ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਮੁਤਾਬਕ ਮੀਂਹ ਦੇ ਦੌਰਾਨ ਸੜਕ ਉੱਤੇ ਇਕੱਠੇ ਹੁੰਦੇ ਪਾਣੀ ਨਾਲ ਨਜਿੱਠਣ ਲਈ ਸੜਕ ਦੇ ਨਾਲ ਡਰੇਨ ਅਤੇ ਕਲਵਟ ਪੁਲੀਆਂ ਦਾ ਨਿਰਮਾਣ ਕੀਤਾ ਗਿਆ ਹੈ।
Dera Baba Nanak ਇਨ੍ਹਾਂ ਕਲਵਟਾਂ ਨੂੰ ਅੱਗੇ 60 ਮੀਟਰ 'ਰਾਈਟ ਆਫ ਵੇਅ' ਨਾਲਿਆਂ ਨਾਲ ਜੋੜਿਆ ਗਿਆ ਹੈ। ਸਬੰਧਤ ਅਧਿਕਾਰੀਆਂ ਮੁਤਾਬਕ ਕੰਸਟਰਕਸ਼ਨ ਦਾ ਕੰਮ ਅਜੇ ਮੁਕੰਮਲ ਨਹੀਂ ਹੋਇਆ ਅਤੇ ਉਹ ਇਸ ਬਾਰੇ ਲਗਾਤਾਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਥਾਰਟੀ ਸੜਕ ਅਤੇ ਨਾਲ ਲੱਗੇ ਖੇਤਾਂ ਨੂੰ ਭਾਰੀ ਮੀਂਹ ਦੇ ਨੁਕਸਾਨ ਤੋਂ ਬਚਾਉਣ ਲਈ ਸੜਕਾਂ ਦੇ ਕੰਢੇ ਹਾਰਵੈਸਟਿੰਗ ਬੋਰ ਬਣਾਏ ਜਾਣ ਉੱਤੇ ਵੀ ਵਿਚਾਰ ਕਰ ਰਹੀ ਹੈ।
ਡੇਰਾ ਬਾਬਾ ਨਾਨਕ ਤੋਂ ਪਰਮਜੀਤ ਕੌਰ ਕਹਿੰਦੇ ਹਨ ਕਿ ਇਸ ਵੱਡੀ ਸੜਕ ਦੀਆਂ ਰੁਸ਼ਨਾਉਂਦੀਆਂ ਲਾਈਟਾਂ ਸਾਨੂੰ ਇਸ ਸ਼ਹਿਰ ਦੇ ਚੱਤੋ ਪਹਿਰ ਜਾਗਦੇ ਰਹਿਣ ਨੂੰ ਮਹਿਸੂਸ ਕਰਵਾਉਂਦੀਆਂ ਹਨ। ਇਹ ਸੜਕ 'ਤੇ ਦੇਰ ਸਵੇਰ ਸੈਰ ਕਰਦਿਆਂ ਹੁਣ ਖੌਫ ਮਹਿਸੂਸ ਨਹੀਂ ਹੁੰਦਾ ਅਤੇ ਜ਼ਹਿਨੀ ਤੌਰ 'ਤੇ ਅੰਦਰ ਦਾ ਡਰ ਖ਼ਤਮ ਹੋਇਆ ਹੈ ਕਿ ਇੱਥੇ ਜੰਗ ਨਹੀਂ ਲੱਗੇਗੀ। ਡੇਰਾ ਬਾਬਾ ਨਾਨਕ ਵਿਖੇ ਲੋਕ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਂਦੀ ਸੜਕ ਦੀਆਂ ਤਾਰੀਫਾਂ ਕਰ ਰਹੇ ਹਨ।
ਇਹ ਸੜਕ ਉੱਤੇ ਰੌਸ਼ਨ ਲਾਈਟਾਂ ਦੀ ਜਗਮਗ ਅਤੇ ਖੂਬਸੂਰਤ ਪਲਾਂਟੇਸ਼ਨ ਨੂੰ ਵੇਖਦਿਆਂ ਜੇ ਲੋਕਾਂ ਅੰਦਰ ਜੰਗ ਦਾ ਖੌਫ ਖਤਮ ਹੁੰਦਾ ਹੈ ਅਤੇ ਦੋ ਦੇਸ਼ਾਂ ਦੇ ਦਰਮਿਆਨ ਆਪਸੀ ਮੁਹੱਬਤੀ ਸਾਂਝਾਂ ਵਧਦੀਆਂ ਹਨ ਤਾਂ ਇਹ ਇਸ ਦੌਰ ਦੀ ਸਭ ਤੋਂ ਵੱਡੀ ਉਮੀਦ ਭਰੀ ਸੜਕ ਹੈ, ਜਿਸ ਨੂੰ ਅਸੀਂ 'ਰੋਡ ਟੂ ਸੰਗਮ' ਕਹਿ ਸਕਦੇ ਹਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।