
ਪੁਲਿਸ ਨੇ ਮਾਮਲਾ ਕੀਤਾ ਦਰਜ
ਰਈਆ : ਪੰਜਾਬ ਵਿਚ ਦਿਨੋ ਦਿਨ ਹਾਲਾਤ ਬਦਲ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਤਲ, ਨਸ਼ੇ, ਬਲਾਤਕਾਰ ਵਰਗੀਆਂ ਘਟਨਾਵਾਂ ਹਨ। ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਰਿਹਾ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਈਆ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਹੀ ਸਕੇ ਮਾਸੜ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਨਰਿੰਦਰ ਸਿੰਘ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿਹਾ ਕਿ ਮ੍ਰਿਤਕ ਨੇ ਜਦੋਂ ਅੱਜ ਸਵੇਰੇ ਆਪਣੇ ਘਰ ਦਾ ਦਰਵਾਜ਼ਾ ਖੜਕਣ 'ਤੇ ਦਰਵਾਜਾ ਖੋਲ੍ਹਿਆ ਤਾਂ ਅੱਗੇ ਖੜ੍ਹੇ ਉਸ ਦੀ ਸਾਲੀ ਦੇ ਹੀ ਪੁੱਤਰ ਨੇ ਉਸ ਉਪਰ ਕਿਰਚ ਨਾਲ ਲਗਾਤਾਰ ਪੰਜ ਵਾਰ ਕਰ ਦਿੱਤੇ। ਮੁਹੱਲਾ ਵਾਸੀਆਂ ਵੱਲੋਂ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਇਕ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਤੇ ਗੰਭੀਰ ਰੂਪ 'ਚ ਜ਼ਖ਼ਮੀ ਨਰਿੰਦਰ ਸਿੰਘ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਕਿ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ।
ਉਧਰ ਦੋਸ਼ੀ ਜਿਸ ਨੂੰ ਦਰਖਤ ਨਾਲ ਬੰਨ੍ਹਿਆ ਗਿਆ ਸੀ, ਉਹ ਭੱਜ ਗਿਆ। ਦੋਸ਼ੀ ਦੀ ਪਛਾਣ ਗੁਰਬਿੰਦਰ ਸਿੰਘ ਗੋਪੀ ਪਿੰਡ ਗਗੜਭਾਣਾ ਦੇ ਰੂਪ ਵਿਚ ਹੋਈ ਹੈ ਤੇ ਉਹ ਮ੍ਰਿਤਕ ਦੀ ਸਕੀ ਸਾਲੀ ਦਾ ਪੁੱਤਰ ਹੈ ਤੇ ਨਸ਼ੇੜੀ ਹੈ। ਨਰਿੰਦਰ ਸਿੰਘ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਤੇ ਵਾਰ-ਵਾਰ ਸਮਝਾਉਂਦਾ ਸੀ ਜਿਸ ਕਾਰਨ ਦੋਸ਼ੀ ਨੇ ਉਸ ਨੂੰ ਅੱਜ ਉਸਦੇ ਘਰ ਆ ਕੇ ਕਿਰਚ ਮਾਰ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ਉਤੇ ਪਹੁੰਚ ਗਈ।