
ਸੋਮਵਾਰ ਸਵੇਰੇ ਲਗਭਗ 10:30 ਵਜੇ ਅਜਨਾਲਾ ਦੇ ਪਿੰਡ ਪੰਜਗਰਾਈ ਤੋਂ ਅਜਨਾਲਾ ਬੀਐਸਐਫ਼ ਕੈਂਪ ਵਿਚ ਆ ਰਹੀ ਜਵਾਨਾਂ ਦੀ ਗੱਡੀ ਨੂੰ ਇਕ ਪ੍ਰਾਈਵੇਟ ਬੱਸ ਚਾਲਕ ਨੇ....
ਅੰਮ੍ਰਿਤਸਰ (ਸਪੋਕਸਮੈਨ ਬਿਊਰੋ) : ਸੋਮਵਾਰ ਸਵੇਰੇ ਲਗਭਗ 10:30 ਵਜੇ ਅਜਨਾਲਾ ਦੇ ਪਿੰਡ ਪੰਜਗਰਾਈ ਤੋਂ ਅਜਨਾਲਾ ਬੀਐਸਐਫ਼ ਕੈਂਪ ਵਿਚ ਆ ਰਹੀ ਜਵਾਨਾਂ ਦੀ ਗੱਡੀ ਨੂੰ ਇਕ ਪ੍ਰਾਈਵੇਟ ਬੱਸ ਚਾਲਕ ਨੇ ਲਾਪਰਵਾਹੀ ਨਾਲ ਪਿੱਛੋਂ ਟੱਕਰ ਮਾਰ ਦਿਤੀ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਕੰਡੇ ਖੇਤਾਂ ਵਿਚ ਪਲਟ ਗਈ। ਗੱਡੀ ਵਿਚ ਸਵਾਰ 15 ਜਵਾਨਾਂ ਵਿਚੋਂ 12 ਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਅਜਨਾਲਾ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ। 5 ਜਵਾਨਾਂ ਨੂੰ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਮਿਲੀਟਰੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਹੈ।
ਘਟਨਾ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਪਿੰਡ ਨਾਨਕ ਪੂਰਾ ਥੇਹ ਦੇ ਕੋਲ ਬੱਸ ਚਾਲਕ ਨੇ ਗੱਡੀ ਨੂੰ ਪਿੱਛੋਂ ਟੱਕਰ ਮਾਰੀ। ਬੱਸ ਵਿਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ। ਘਟਨਾ ਤੋਂ ਬਾਅਦ ਬੱਸ ਚਾਲਕ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਦਸਿਆ ਕਿ ਬੱਸ ਚਾਲਕ ਬਹੁਤ ਤੇਜ਼ੀ ਨਾਲ ਰਾਮਦਾਸ ਤੋਂ ਅਜਨਾਲਾ ਵਲ ਆ ਰਿਹਾ ਸੀ ਜੋ ਪਿੰਡ ਕੋਲ ਆ ਕੇ ਲਾਪਰਵਾਹੀ ਨਾਲ ਬੀਐਸਐਫ਼ ਦੀ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿਤੀ। ਅਜਨਾਲਾ ਥਾਣਾ ਮੁਖੀ ਪਰਮਵੀਰ ਸਿੰਘ ਵਿਰਦੀ ਨੇ ਦਸਿਆ ਕਿ ਜਾਂਚ ਜਾਰੀ ਹੈ। ਸਿਵਲ ਹਸਪਤਾਲ ਅਜਨਾਲਾ ਦੇ ਐਸਐਮਓ ਬ੍ਰਿਜ ਸਹਿਗਲ ਨੇ ਦਸਿਆ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਗੰਭੀਰ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਜਾ ਰਿਹਾ ਹੈ।