
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਰੰਧਾਵਾ ਨੇ ਪੱਤਰਕਾਰ ਸੰਮੇਲਨ ਦੌਰਾਨ ਅੱਜ ਨਵੀਂ ਕਿਤਾਬ 'ਸਚੁ ਸੁਣਾਇਸੀ ਸਚ ਕੀ ਬੇਲਾ' ਲੋਕ ਅਰਪਣ.....
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਰੰਧਾਵਾ ਨੇ ਪੱਤਰਕਾਰ ਸੰਮੇਲਨ ਦੌਰਾਨ ਅੱਜ ਨਵੀਂ ਕਿਤਾਬ 'ਸਚੁ ਸੁਣਾਇਸੀ ਸਚ ਕੀ ਬੇਲਾ' ਲੋਕ ਅਰਪਣ ਕਰਦਿਆਂ ਦੋਸ਼ ਲਾਇਆ ਕਿ ਅਥਾਹ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬੁਰੇ ਹਲਾਤਾਂ 'ਚੋਂ ਲੰਘ ਰਹੀ ਹੈ। ਇਸ ਲਈ ਜ਼ੁੰਮੇਵਾਰ ਸ਼੍ਰੋਮਣੀ ਅਕਾਲੀ ਦਲ 'ਤੇ ਕਾਬਜ਼ ਹਨ। ਉਨ੍ਹਾਂ ਦਾ ਸੰਕੇਤ ਬਾਦਲ ਪ੍ਰਵਾਰ ਵਲ ਸੀ। ਉਨ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਬੇਅਦਬੀਆਂ ਦੇ ਮਸਲੇ 'ਚ 'ਜਥੇਦਾਰ' ਦਾ ਰੋਲ ਇਕਪਾਸੜ ਸੀ।
ਉਨ੍ਹਾਂ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਵਾਰਸਾਂ ਨੇ ਉਹ ਸੱਭ ਨਿਸ਼ਾਨੀਆਂ ਮਿਟਾ ਦਿਤੀਆਂ ਹਨ, ਜੋ ਸਾਂਭਣੀਆਂ ਚਾਹੀਦੀਆਂ ਸਨ। ਉਨ੍ਹਾਂ ਅਕਾਲ ਤਖ਼ਤ ਸਾਹਿਬ ਸਥਿਤ ਉਸ ਭੋਰੇ ਦਾ ਖ਼ਾਸ ਕਰ ਕੇ ਜ਼ਿਕਰ ਕੀਤਾ, ਜਿਥੇ ਅਸ਼ਾਂਤ ਹਲਾਤ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰਿਹਾ ਕਰਦੇ ਸੀ। ਪਰ ਅੱਜ ਇਹ ਇਤਿਹਾਸਕ ਭੋਰਾ ਖ਼ਤਮ ਕਰ ਦਿਤਾ ਗਿਆ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਲਈ ਮੋਦੀ ਸਰਕਾਰ ਨੂੰ ਜ਼ੁੰਮੇਵਾਰ ਕਿਹਾ ਜੋ ਬਾਦਲ ਪ੍ਰਵਾਰ ਨੂੰ ਖ਼ੁਸ਼ ਰੱਖ ਰਹੀ ਹੈ।
ਸ. ਕੁਲਵੰਤ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਕੀਤੀਆਂ ਗਈਆਂ ਵੱਖ-ਵੱਖ ਸੋਧਾਂ ਦਾ ਖ਼ਾਸ ਕਰ ਕੇ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਅਖ਼ਤਿਆਰ ਕੇਵਲ ਸੰਸਦ ਨੂੰ ਹੈ। ਉਨ੍ਹਾਂ ਪੰਥਕ ਜਥੇਬੰਦੀਆਂ ਦੇ ਰੋਲ 'ਤੇ ਵੀ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਸਲਿਆਂ 'ਤੇ ਉਸਾਰੂ ਭੂਮਿਕਾ ਨਿਭਾਉਣ 'ਚ ਅਸਮਰਥ ਰਹੀਆਂ ਹਨ। ਬਾਦਲ ਪ੍ਰਵਾਰ ਦੇ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਨੂੰ 'ਜਥੇਦਾਰੀ' ਤੋਂ ਹਟਾਇਆ ਗਿਆ, ਉਹ ਢੰਗ ਬਿਲਕੁਲ ਗ਼ਲਤ ਸੀ। ਅਕਾਲ ਤਖ਼ਤ ਦੇ ਪੰਜ ਪਿਆਰਿਆਂ ਨੂੰ ਹਟਾÀੁਣਾ ਵੀ ਸਿੱਖ ਪ੍ਰੰਪਰਾ ਅਤੇ ਗੁਰੂ ਸਾਹਿਬ ਦੀ ਸੋਚ ਤੋਂ ਐਨ ਉਲਟ ਸੀ।
ਕੀ ਜਥੇਦਾਰ ਦਸਮ ਪਿਤਾ ਤੋਂ ਉਪਰ ਹੈ? ਗੁਰੂ ਸਾਹਿਬ ਨੇ ਹਮੇਸ਼ਾ ਪੰਜ ਪਿਆਰਿਆਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਸਿੱਖ ਇਤਿਹਾਸ 'ਚ ਪੰਜ ਪਿਆਰਿਆਂ ਨੂੰ ਗੁਰੂ ਦਾ ਦਰਜਾ ਹਾਸਲ ਹੈ। ਉਨ੍ਹਾਂ ਲੰਗਰ ਘਰ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਅੱਜ ਦੇ ਲੰਗਰ ਘਰ 'ਚ ਇਸ ਦਾ ਮਿਆਰ ਬਦਲ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਛੋਟਾ ਅਧਿਕਾਰੀ ਤੇ ਮੁਲਾਜ਼ਮ ਵੀ ਮਹਿੰਗੀ ਕਾਰ 'ਤੇ ਸਫ਼ਰ ਕਰਨ ਦਾ ਇਛੁੱਕ ਹੈ। 'ਸਚੁ ਸੁਣਾਇਸੀ ਸਚ ਕੀ ਬੇਲਾ' ਕਿਤਾਬ ਲੋਕ ਅਰਪਣ ਕਰਨ ਦਾ ਮਕਸਦ ਕਿਸੇ ਨੂੰ ਦੁੱਖ ਪਹੁੰਚਾਉਣ ਪ੍ਰਤੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੇ ਪਬ੍ਰੰਧਾਂ ਵਿਚ ਸੁਧਾਰ ਲਿਆਉਣ ਦਾ ਹੈ।
ਇਸ ਕਿਤਾਬ ਵਿਚ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਬਨਾਮ ਖ਼ਾਲਿਸਤਾਨ ਦਾ ਵੀ ਖ਼ਾਸ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਦਿਲਜੀਤ ਸਿੰਘ ਬੇਦੀ, ਪੰਜ ਪਿਆਰਾ ਭਾਈ ਮੇਜਰ ਸਿੰਘ, ਚਰਨਜੀਤ ਸਿੰਘ ਗੁੰਮਟਾਲਾ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।