
ਫਿਰੋਜ਼ਪੁਰ ਹਲਕੇ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ...
ਨਵੀਂ ਦਿੱਲੀ : ਫਿਰੋਜ਼ਪੁਰ ਹਲਕੇ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਅੱਜ ਦਿੱਲੀ ਵਿਚ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸ ਦਾ ਹੱਥ ਫੜਿਆ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਨੂੰ ਫ਼ਿਰੋਜ਼ਪੁਰ ਹਲਕੇ ਤੋਂ ਚੋਣ ਲੜਾਏਗੀ।
ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਚੱਲ ਰਹੇ ਮਤਭੇਦਾਂ ਕਾਰਨ ਘੁਬਾਇਆ ਨੇ ਸੋਮਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਸੀ। ਘੁਬਾਇਆ ਨੇ ਕਿਹਾ ਸੀ ਕਿ ਪਿਛਲੇ ਦੋ ਸਾਲਾਂ ਤੋਂ ਪਾਰਟੀ ਵਲੋਂ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਸੀ। ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿਚ ਉਨ੍ਹਾਂ ਨੂੰ ਸੱਦਾ ਤੱਕ ਨਹੀਂ ਦਿਤਾ ਗਿਆ।
ਫਿਰੋਜ਼ਪੁਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਸ਼ੇਰ ਸਿੰਘ ਘੁਬਾਇਆ ‘ਰਾਏ ਸਿੱਖ’ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਇਸ ਜ਼ਿਲ੍ਹੇ ਵਿਚ ਪਾਰਟੀ ਨੂੰ ਵੱਡਾ ਫ਼ਾਇਦਾ ਮਿਲੇਗਾ ਕਿਉਂਕਿ ਇਸ ਭਾਈਚਾਰੇ ਦੀ ਹਮਾਇਤ ਸ਼ੇਰ ਸਿੰਘ ਨੂੰ ਮੰਨੀ ਜਾਂਦੀ ਹੈ। ਘੁਬਾਇਆ ਦਾ ਪੁੱਤਰ ਦਵਿੰਦਰ ਸਿੰਘ ਘੁਬਾਇਆ ਪਹਿਲਾਂ ਹੀ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦਾ ਵਿਧਾਇਕ ਹੈ।