
ਚੰਡੀਗੜ੍ਹ : ਪਿਛਲੇ ਇਕ ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਕੱਚੇ ਅਧਿਆਪਕਾਂ ਦਾ ਮਾਮਲਾ ਇਕ ਵਾਰ ਫਿਰ ਲਟਕ ਗਿਆ ਹੈ ਅਤੇ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਇਸ ਮਸਲੇ...
ਚੰਡੀਗੜ੍ਹ : ਪਿਛਲੇ ਇਕ ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਕੱਚੇ ਅਧਿਆਪਕਾਂ ਦਾ ਮਾਮਲਾ ਇਕ ਵਾਰ ਫਿਰ ਲਟਕ ਗਿਆ ਹੈ ਅਤੇ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਇਸ ਮਸਲੇ ਦੇ ਹੱਲ ਦੀ ਸੰਭਾਵਨਾ ਹੋ ਸਕਦੀ ਹੈ।
ਅੱਜ ਇਥੇ ਅਧਿਆਪਕ ਆਗੂਆਂ ਨਾਲ ਪੰਜਾਬ ਦੇ ਚਾਰ ਮੰਤਰੀਆਂ ਦੀ ਗਠਨ ਕੀਤੀ ਸਬ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਇਸ ਕਮੇਟੀ ਨੇ ਸਪਸ਼ਟ ਕੀਤਾ ਕਿ ਠੇਕੇ 'ਤੇ ਕੰਮ ਕਰ ਰਹੇ ਅਧਿਆਪਕਾਂ ਦੇ ਮਸਲੇ ਦੇ ਹੱਲ ਲਈ ਇਕ 8 ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਅਧਿਆਪਕ ਆਗੂਆਂ ਨੂੰ ਦਿਤਾ ਗਿਆ ਹੈ। ਇਹ ਕਮੇਟੀ ਤਿੰਨ ਮਹੀਨਿਆਂ ਵਿਚ ਅਪਣੀ ਰੀਪੋਰਟ ਦੇਵੇਗੀ। ਇਸ ਕਮੇਟੀ ਵਿਚ ਤਿੰਨ ਸਰਕਾਰੀ ਅਧਿਕਾਰੀ ਅਤੇ ਪੰਜ ਅਧਿਆਪਕ ਆਗੂ ਲਏ ਜਾਣਗੇ। ਸਬ ਕਮੇਟੀ ਦੀ ਮੀਟਿੰਗ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਖਿਆ ਮੰਤਰੀ ਓ.ਪੀ. ਸੋਨੀ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਹਿੱਸਾ ਲਿਆ।
ਜਦ ਅਧਿਆਪਕ ਆਗੂਆਂ ਨੂੰ ਪੁਛਿਆ ਗਿਆ ਕਿ ਕੀ ਉਹ ਸਬ ਕਮੇਟੀ ਦੇ ਸੁਝਾਅ ਨਾਲ ਸਹਿਮਤ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਯੂਨੀਅਨ ਦੀ ਮੀਟਿੰਗ ਵਿਚ ਹੀ ਅਪਣੇ ਫ਼ੈਸਲੇ ਦਾ ਐਲਾਨ ਕਰਨਗੇ। ਇਥੇ ਇਹ ਦਸਣਯੋਗ ਹੋਵੇਗਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਧਿਆਪਕ ਆਗੂਆਂ ਦੀ ਮੀਟਿੰਗ ਤੈਅ ਹੋਈ ਸੀ। ਮੁੱਖ ਮੰਤਰੀ ਦੀ ਬਜਾਏ ਸਬ ਕਮੇਟੀ ਵਿਚ ਸ਼ਾਮਲ ਚਾਰ ਮੰਤਰੀਆਂ ਨੇ ਇਹ ਮੀਟਿੰਗ ਕੀਤੀ ਅਤੇ ਅਧਿਆਪਕ ਆਗੂਆਂ ਨੂੰ ਸਰਕਾਰ ਦੇ ਫ਼ੈਸਲੇ ਤੋਂ ਜਾਣੂੰ ਕਰਵਾਇਆ। ਮੁੱਖ ਮੰਤਰੀ ਨਾਲ ਪਹਿਲਾ ਵੀ ਕਈ ਵਾਰ ਮੀਟਿੰਗਾਂ ਦਾ ਸਮਾਂ ਤੈਅ ਹੋਇਆ ਪ੍ਰੰਤੂ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਅਮਲ ਵਿਚ ਨਾ ਆ ਸਕੀ। ਅੱਜ ਵੀ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋ ਸਕੀ। ਠੇਕੇ ਉਪਰ ਪਿਛਲੇ 8-10 ਸਾਲਾਂ ਤੋਂ ਕੰਮ ਕਰਦੇ ਆ ਰਹੇ ਅਧਿਆਪਕ ਲਗਾਤਾਰ ਧਰਨੇ ਅਤੇ ਮੁਜ਼ਾਹਰੇ ਕਰਦੇ ਆ ਰਹੇ ਹਨ। ਕਈ ਵਾਰ ਸਥਿਤੀ ਤਣਾਅਪੂਰਨ ਵੀ ਹੋਈ ਅਤੇ ਪੁਲਿਸ ਨੂੰ ਪਿਛਲੇ ਦਿਨੀਂ ਪਟਿਆਲਾ ਵਿਚ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਵਿਚ ਕਈ ਅਧਿਆਪਕ ਜ਼ਖ਼ਮੀ ਵੀ ਹੋਏ। ਮੰਤਰੀਆਂ ਦੀਆਂ ਕੋਠੀਆਂ ਮੋਹਰੇ ਧਰਨੇ ਵੀ ਦਿਤੇ ਗਏ। ਅੱਜ ਦੀ ਮੀਟਿੰਗ ਤੋਂ ਆਸ ਸੀ ਕਿ ਅਧਿਆਪਕਾਂ ਦਾ ਮਸਲਾ ਹੱਲ ਹੋ ਜਾਵੇਗਾ। ਪ੍ਰੰਤੂ ਇਕ ਵਾਰ ਫਿਰ ਮਾਮਲਾ ਲਟਕ ਗਿਆ ਅਤੇ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਕੋਈ ਗੱਲ ਹੋ ਸਕੇਗੀ।