
6-7 ਮਾਰਚ ਨੂੰ ਪੰਜਾਬ ਤੇ ਹਰਿਆਣਾ 'ਚ ਮੀਂਹ ਦੀ ਸੰਭਾਵਨਾ
ਚੰਡੀਗੜ੍ਹ : ਉਤਰੀ ਭਾਰਤ 'ਚ ਮੁੜ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹਨ। ਇਸ ਕਾਰਨ 5 ਤੋਂ 7 ਮਾਰਚ ਤਕ ਤੇਜ਼ ਹਵਾਵਾਂ ਸਮੇਤ ਮੋਹੇਲਧਾਰ ਮੀਂਹ ਤੇ ਕਿਤੇ-ਕਿਤੇ ਗੜੇਮਾਰੀ ਦਾ ਅਨੁਮਾਨ ਹੈ। ਚਾਰ ਮਾਰਚ ਤੋਂ ਹੀ ਹਲਕੇ ਬੱਦਲ ਛਾਏ ਰਹਿਣ ਨਾਲ ਦਿਨ ਦੇ ਤਾਪਮਾਨ 'ਚ ਗਿਰਾਵਟ ਆਉਣ ਨਾਲ ਠੰਢ ਵਧ ਗਈ ਹੈ।
Photo
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਮੌਸਮ ਖੁਸ਼ਕ ਰਹੇਗਾ। ਹਾਲਾਂਕਿ, ਕਿਤੇ-ਕਿਤੇ ਬੱਦਲ ਛਾਏ ਰਹਿਣਗੇ। ਸਰਹੱਦੀ ਜ਼ਿਲ੍ਹਿਆਂ 'ਚ ਚਾਰ ਮਾਰਚ ਦੀ ਰਾਤ ਤੋਂ ਹੀ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ ਜਦਕਿ ਪੰਜ ਮਾਰਚ ਨੂੰ ਸਵੇਰ ਤੋਂ ਮੌਸਮ ਖ਼ਰਾਬ ਹੋ ਜਾਵੇਗਾ ਤੇ ਹੌਲੀ-ਹੌਲੀ ਪੂਰਾ ਸੂਬਾ ਇਸ ਦੇ ਪ੍ਰਭਾਵ ਹੇਠ ਆ ਜਾਵੇਗਾ।
Photo
ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਫ਼ਾਜ਼ਿਲਕਾ ਇਲਾਕੇ 'ਚ ਮੱਧਮ ਦਰਜੇ ਦੀ ਬਾਰਸ਼ ਹੋਵੇਗੀ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਨਾਭਾ, ਪਟਿਆਲਾ ਤੇ ਚੰਡੀਗੜ੍ਹ 'ਚ ਬਿਜਲੀ ਦੀ ਚਮਕ ਸਮੇਤ ਤੇਜ਼ ਬਾਰਸ਼ ਹੋਵੇਗੀ ਤੇ ਕਿਤੇ-ਕਿਤੇ ਗੜੇਮਾਰੀ ਵੀ ਹੋ ਸਕਦੀ ਹੈ।
Photo
ਹਿਸਾਰ ਸਥਿਤ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਨੇ ਵੀ 4 ਮਾਰਚ ਦੀ ਰਾਤ ਤੋਂ ਮੌਸਮ 'ਚ ਬਦਲਾਅ ਦਾ ਖ਼ਦਸ਼ਾ ਪ੍ਰਗਟਾਇਆ ਹੈ।
Photo
ਇਸ ਨਾਲ 5 ਤੋਂ 7 ਮਾਰਚ ਦੇ ਵਿਚਕਾਰ ਹਰਿਆਣਾ 'ਚ ਜ਼ਿਆਦਾਤਰ ਥਾਵਾਂ 'ਤੇ ਬੱਦਲ, ਹਵਾਵਾਂ ਤੇ ਬਿਜਲੀ ਚਮਕਣ ਦੇ ਨਾਲ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕਰਨਾਲ ਸਥਿਤ ਕੇਂਦਰੀ ਮ੍ਰਿਦਾ ਲਵਣਤਾ ਅਨੁਸੰਧਾਨ ਸੰਸਥਾ ਮੁਤਾਬਕ ਆਉਣ ਵਾਲੇ 24 ਘੰਟਿਆਂ 'ਚ ਬੱਦਲ ਛਾ ਜਾਣ ਦੀ ਸੰਭਾਵਨਾ ਹੈ। ਉਥੇ ਹੀ 5 ਤੇ 6 ਮਾਰਚ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਗੜੇਮਾਰੀ ਦੇ ਨਾਲ ਬਾਰਸ਼ ਹੋ ਸਕਦੀ ਹੈ।