ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ ਸਗੋਂ ਦੇਸ਼ ਭਗਤ ਹਨ: ਕੈਪਟਨ ਅਮਰਿੰਦਰ ਸਿੰਘ 
Published : Mar 5, 2021, 5:32 pm IST
Updated : Mar 5, 2021, 5:32 pm IST
SHARE ARTICLE
Captain Amrinder Singh
Captain Amrinder Singh

ਕਿਸਾਨਾਂ ਵਿਰੁੱਧ ਨਿੰਦਣਯੋਗ ਬਿਆਨਬਾਜ਼ੀ ਲਈ ਭਾਜਪਾ ਨੂੰ ਆੜੇ ਹੱਥੀਂ ਲਿਆ...

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਵਿਰੁੱਧ ਦਿੱਤੇ ਜਾ ਰਹੇ ਨਿੰਦਣਯੋਗ ਬਿਆਨਾਂ ਲਈ ਉਨ੍ਹਾਂ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਦੇਸ਼ ਵਿਰੋਧੀ ਨਹੀਂ ਸਗੋਂ ਇਹ ਉਹੀ ਦੇਸ਼ ਭਗਤ ਅਤੇ ਰਾਸ਼ਟਰਵਾਦੀ ਲੋਕ ਹਨ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਪਿਛਲੇ ਵਰ੍ਹੇ ਗਲਵਾਨ ਵਾਦੀ ਵਿੱਚ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ।

ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੀ ਤੁਲਨਾ ਗੁੰਡਾ ਅਨਸਰਾਂ ਜਾਂ ਅੱਤਵਾਦੀਆਂ ਨਾਲ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ 'ਤੇ ਤੁਰੰਤ ਰੋਕਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਕਿਹਾ "ਉਨ੍ਹਾਂ ਨੇ ਕੋਈ ਵੀ ਦੇਸ਼ ਵਿਰੋਧੀ ਕਾਰਵਾਈ ਨਹੀਂ ਕੀਤੀ, ਉਹ ਦੇਸ਼ ਵਿਰੋਧੀ ਨਹੀਂ ਹਨ ਅਤੇ ਉਹ ਕਦੇ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਵਿਰੁੱਧ ਕੋਈ ਕਦਮ ਨਹੀਂ ਚੁੱਕਣਗੇ।"

ਮੁੱਖ ਮੰਤਰੀ ਨੇ ਕਿਹਾ "ਇਹ ਦੇਸ਼ ਭਗਤ ਅਤੇ ਰਾਸ਼ਟਰਵਾਦੀ ਹਨ- ਜਦੋਂ ਉਨ੍ਹਾਂ ਦਾ ਇੱਕ ਪੁੱਤਰ ਪਿੰਡ ਵਿੱਚ ਖੇਤਾਂ 'ਚ ਕੰਮ ਕਰ ਰਿਹਾ ਹੈ ਤਾਂ ਦੂਜਾ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਡਟਿਆ ਹੋਇਆ ਹੈ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਪਿਛਲੇ ਵਰ੍ਹੇ ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਗਲਵਾਨ ਵਾਦੀ ਵਿੱਚ ਹੋਰਨਾਂ ਰਾਜਾਂ ਦੇ ਸੈਨਿਕਾਂ ਨਾਲ ਦੇਸ਼ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।" ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਵਿਰੁੱਧ ਬਦਨਾਮੀ ਦੀ ਇਸ ਮੁਹਿੰਮ 'ਤੇ ਤੁਰੰਤ ਰੋਕ ਲਗਾਏ ਜਾਣ ਨੂੰ ਯਕੀਨੀ ਬਣਾਉਣ।

ਮੁੱਖ ਮੰਤਰੀ ਨੇ ਇਹ ਜ਼ਿਕਰ ਕਰਦਿਆਂ ਕਿਹਾ ਕਿ 11 ਦੌਰ ਦੀ ਗੱਲਬਾਤ ਦੇ ਬਾਵਜੂਦ ਭਾਰਤ ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਮੂਕ ਦਰਸ਼ਕ ਬਣੀ ਹੋਈ ਹੈ ਅਤੇ ਕੋਈ ਹਰਕਤ ਨਹੀਂ ਕਰ ਰਹੀ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੋਈ ਉਸਾਰੂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ "ਇਸ ਦੀ ਬਜਾਏ ਜ਼ਮੀਨੀ ਹਾਲਤਾਂ ਤੋਂ ਅਣਜਾਣ ਆਗੂਆਂ ਵੱਲੋਂ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਕਰਨ ਅਤੇ ਉਨ੍ਹਾਂ 'ਤੇ ਨਿਰਆਧਾਰ ਦੋਸ਼ ਲਾਉਣ ਨਾਲ ਹਾਲਾਤ ਹੋਰ ਵਿਗੜ ਗਏ ਹਨ ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧੀਆਂ ਹਨ।"

ਕੇਂਦਰ ਅਤੇ ਹਰਿਆਣਾ ਵਿਚ ਭਾਜਪਾ ਦੇ ਆਗੂਆਂ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤੇ ਬਹੁਤ ਹੀ ਨਿੰਦਣਯੋਗ ਬਿਆਨਾਂ ਵੱਲ ਸਦਨ ਦਾ ਧਿਆਨ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਉਹ ਰਾਸ਼ਟਰੀ ਪੱਧਰ 'ਤੇ ਅਤੇ ਗੁਆਂਢੀ ਸੂਬਿਆਂ ਵਿਚ ਸਰਕਾਰਾਂ ਦੀ ਅਗਵਾਈ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਸਾਨਾਂ ਵਿਰੁੱਧ "ਦੇਸ਼ ਵਿਰੋਧੀ ਤੇ ਖਾਲਿਸਤਾਨੀ" ਜਿਹੇ ਸ਼ਬਦਾਂ ਦੀ ਵਰਤੋਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਬਿਆਨਾਂ ਨੇ ਨਾ ਸਿਰਫ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਬਲਕਿ ਸਾਡੀ ਸਰਕਾਰ ਦੀਆਂ ਚਿੰਤਾਵਾਂ ਅਤੇ ਖ਼ਦਸ਼ੇ ਵੀ ਵਧੇ ਦਿੱਤੇ ਹਨ ਜੋ ਸਾਡੇ ਭਵਿੱਖ ਲਈ ਚੰਗਾ ਸੰਕੇਤ ਨਹੀਂ ਹਨ।

ਖਪਤਕਾਰਾਂ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਵੱਲੋਂ ਪੰਜਾਬ ਸਰਕਾਰ 'ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਦੇ ਲਾਏ ਦੋਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਵਿਚ ਦਖਲ-ਅੰਦਾਜ਼ੀ ਕਰਨ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਉਹ ਹਮੇਸ਼ਾ ਸ਼ਾਂਤਮਈ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਹਰ ਹਾਲਾਤ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਦੀ ਰਹੇਗੀ।

ਉਨ੍ਹਾਂ ਨੇ ਗੋਇਲ ਦੇ ਇਸ ਬਿਆਨ ਕਿ ਮਾਓਵਾਦੀਆਂ ਅਤੇ ਦੇਸ਼ ਵਿਰੋਧੀ ਅਨਸਰਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਹਾਈਜੈਕ ਕਰ ਲਿਆ ਹੈ, ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਸ਼ਾਂਤਮਈ ਕਿਸਾਨਾਂ ਨੂੰ ਨਾ ਭੜਕਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕਿਸੇ ਮਾਮਲੇ ਵਿੱਚ ਗੋਇਲ ਕੋਲ ਦੇਸ਼ ਵਿਰੋਧੀ ਅਨਸਰਾਂ ਦੇ ਅੰਦੋਲਨ ਦਾ ਹਿੱਸਾ ਹੋਣ ਬਾਰੇ ਕੋਈ ਜਾਣਕਾਰੀ ਹੈ ਤਾਂ ਉਨ੍ਹਾਂ ਦੀ ਸਰਕਾਰ ਇਸ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕਰਦੀ।

ਭਾਜਪਾ ਦੇ ਕੌਮੀ ਸੱਕਤਰ ਤਰੁਣ ਚੁੱਘ ਵੱਲੋਂ ਖੇਤੀਬਾੜੀ ਬਿੱਲਾਂ 'ਤੇ ਗੁੰਮਰਾਹਕੁੰਨ ਅਤੇ ਝੂਠੇ ਬਿਰਤਾਂਤ ਰਚ ਕੇ ਕਿਸਾਨਾਂ ਵਿਚ ਗਲਤਫਹਿਮੀਆਂ ਫੈਲਾਉਣ ਦੇ ਲਾਏ ਗਏ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਭਾਰਤ ਸਰਕਾਰ ਆਪਣੇ ਕੋਲ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਸਮਝਾਉਣ ਲਈ ਅਨੁਕੂਲ ਮਾਹੌਲ ਸਿਰਜਣ ਵਿੱਚ ਕਿਉਂ ਨਾਕਾਮ ਰਹੀ ਹੈ?

ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਦੀ ਅਪਮਾਨਜਨਕ ਟਿੱਪਣੀ ਕਿ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਘਰਾਂ ਵਿੱਚ ਵੀ ਮੌਤ ਹੋ ਜਾਣੀ ਸੀ, ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਖੇਤੀਬਾੜੀ ਮੰਤਰੀ ਦੀ ਜ਼ਿੰਮੇਵਾਰੀ ਕਿਸਾਨਾਂ ਦੀ ਭਲਾਈ ਅਤੇ ਚੰਗੇ ਲਈ ਗੱਲ ਕਰਨਾ ਹੈ ਨਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਨੂੰ ਨੀਵੇਂ ਵਿਖਾ ਕੇ ਉਨ੍ਹਾਂ ਦਾ ਅਪਮਾਨ ਕਰਨਾ ਹੈ।

ਇਹ ਜ਼ਿਕਰ ਕਰਦਿਆਂ ਕਿ ਅੰਦੋਲਨ ਦੌਰਾਨ ਹੁਣ ਤੱਕ 200 ਤੋਂ ਵੱਧ ਕਿਸਾਨਾਂ (ਪੰਜਾਬ ਦੇ 125 ਸਮੇਤ) ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੇ ਦਲਾਲ ਤੋਂ ਇਸ ਸੰਵੇਦਨਹੀਣ ਵਤੀਰੇ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਮੰਗ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਾਰਵਾਈ ਨੂੰ "ਬੇਹੱਦ ਅਫਸੋਸਜਨਕ" ਕਰਾਰ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਗੁਆਂਢੀ ਰਾਜ ਦੀ ਸਰਕਾਰ ਨੇ ਅੰਦੋਲਨਕਾਰੀਆਂ ਵਿਰੁੱਧ ਤਾਕਤ ਦੀ ਵਰਤੋਂ ਕਰਕੇ ਅਤੇ ਉਨ੍ਹਾਂ ਦੇ ਰਸਤੇ ਵਿੱਚ ਸੜਕਾਂ ਪੁੱਟ ਕੇ ਅਤੇ ਬੈਰੀਕੇਡ ਆਦਿ ਲਾ ਕੇ ਜਮਹੂਰੀ ਕਾਰਜ ਪ੍ਰਣਾਲੀ ਦੇ ਸਥਾਪਤ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਉਨ੍ਹਾਂ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿੱਚ ਖਾਲਿਸਤਾਨੀ ਵੱਖਵਾਦੀਆਂ ਦੇ ਸ਼ਾਮਲ ਹੋਣ ਸਬੰਧੀ ਖੱਟਰ ਦੇ ਦਾਅਵੇ ਕਿ ਉਨ੍ਹਾਂ ਦੀ ਸਰਕਾਰ ਕੋਲ ਇਸ ਦੀ ਜਾਣਕਾਰੀ ਹੈ ਅਤੇ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਅੰਦੋਲਨ ਨੂੰ ਤੂਲ ਦੇ ਰਹੇ ਹਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਅਹੁਦੇਦਾਰ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਦੀ ਵੀ ਸਖ਼ਤ ਨਿੰਦਾ ਕੀਤੀ। ਕੈਪਟਨ ਅਮਰਿੰਦਰ ਨੇ ਸਵਾਲ ਕੀਤਾ "ਜੇ ਹਰਿਆਣੇ ਦੇ ਮੁੱਖ ਮੰਤਰੀ ਕੋਲ ਅੰਦੋਲਨ ਵਿੱਚ ਵੱਖਵਾਦੀਆਂ ਦੇ ਹੋਣ ਬਾਰੇ ਕੋਈ ਪੁਖ਼ਤਾ ਜਾਣਕਾਰੀ ਹੈ ਤਾਂ ਉਹ ਪੰਜਾਬ ਦੇ ਕਿਸਾਨਾਂ ਨੂੰ ਨਿੰਦਣ ਦੀ ਬਜਾਏ ਇਸਦੀ ਜਾਣਕਾਰੀ ਦਿੱਲੀ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਕਿਉਂ ਨਹੀਂ ਦਿੰਦੇ।

ਉਨ੍ਹਾਂ ਕਿਹਾ ਕਿ ਪੰਜਾਬ ਅੰਦੋਲਨ ਭੜਕਾਉਂਦਾ ਨਹੀਂ ਬਲਕਿ ਜਮਹੂਰੀ ਢੰਗ ਨਾਲ ਚੱਲ ਰਹੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਵਿੱਚ ਦਖ਼ਲ ਦੇਣ ਤੋਂ ਇਨਕਾਰੀ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ 'ਤੇ ਸ਼ਰਮਨਾਕ ਟਿੱਪਣੀਆਂ ਅਤੇ ਬਿਆਨਬਾਜ਼ੀ ਕਰਨ ਲਈ ਬੀਜੇਪੀ ਦੇ ਹੋਰ ਨੇਤਾਵਾਂ ਜਿਵੇਂ ਅਸ਼ਵਨੀ ਸ਼ਰਮਾ, ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਸਿੰਘ ਜਿਆਣੀ ਦੀ ਵੀ ਸਖ਼ਤ ਨਿੰਦਾ ਕੀਤੀ ਅਤੇ ਉਨਾਂ ਦੇ ਰਵੱਈਏ ਨੂੰ ਅਪਮਾਨਜਨਕ ਅਤੇ ਸ਼ਰਮਨਾਕ ਕਰਾਰ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement