
ਨੇਚਰ ਪਾਰਕ, ਭਾਈ ਜੈਤਾ ਜੀ ਯਾਦਗਾਰ, ਕਿਸਾਨ ਹਵੇਲੀ, ਮਾਤਾ ਨੈਣਾ ਦੇਵੀ ਮਾਰਗ ਦੇ ਪ੍ਰੋਜੈਕਟ ਜਲਦ ਹੋਣਗੇ ਲੋਕ ਅਰਪਣ
ਚੰਡੀਗੜ੍ਹ - ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ ਨੇ ਸਮੁੱਚੀ ਲੋਕਾਈ ਨੂੰ ਹੋਲਾ ਮਹੱਲਾ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਜਲਦੀ ਲੋਕ ਅਰਪਣ ਕਰਨ ਦਾ ਭਰੋਸਾ ਦਿੱਤਾ ਹੈ।
ਅੱਜ ਸਥਾਨਕ ਪਾਵਰ ਕਾਮ ਗੈਸਟ ਹਾਊਸ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ/ਸ਼ਰਧਾਲੂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਪੁੱਜਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਨੇ ਇਸ ਵਾਰ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀਦੇ ਢੁਕਵੇ ਪ੍ਰਬੰਧ ਕਰਨ ਲਈ ਪ੍ਰਸਾਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਵਿਸ਼ਵ ਪ੍ਰਸਿੱਧ ਤਿਉਹਾਰ ਮਨਾਉਣ ਲਈ ਵੱਧ ਤੋ ਵੱਧ ਸੰਗਤਾਂ ਇੱਥੇ ਪੁੱਜ ਕੇ ਧਾਰਮਿਕ ਸਥਾਨਾ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰ ਸਕਣ।
ਹਰਜੋਤ ਬੈਂਸ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਮੇਲਾ ਖੇਤਰ ਵਿੱਚ 11 ਪਾਰਕਿੰਗ ਸਥਾਨ ਬਣਾਏ ਗਏ ਹਨ, ਸਟਲ ਬੱਸ ਸਰਵਿਸ ਸ਼ਰਧਾਲੂਆਂ ਸਮੁੱਚੇ ਮੇਲਾ ਖੇਤਰ ਵਿੱਚ ਮੁਫਤ ਸੇਵਾ ਦੇ ਰਹੀ ਹੈ, ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਅਤਿ ਆਧੁਨਿਕ ਲਾਈਟਾਂ ਨਾਲ ਰੁਸ਼ਨਾਇਆ ਜਾ ਰਿਹਾ ਹੈ। ਸੁਚਾਰੂ ਟ੍ਰੈਫਿਕ ਪ੍ਰਬੰਧ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸੇ਼ਸ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਪ੍ਰਸਾਸ਼ਨ ਨੇ ਕਿਊ.ਆਰ.ਕੋਡ ਜਾਰੀ ਕੀਤਾ ਹੈ, ਜਿਸ ਨਾਲ ਹਰ ਸ਼ਰਧਾਲੂ ਨੂੰ ਸਮੁੱਚੇ ਮੇਲਾ, ਧਾਰਮਿਕ ਸਥਾਨਾ ਅਤੇ ਸਮਾਗਮਾਂ ਬਾਰੇ ਸੁਚੱਜੀ ਜਾਂਣਕਾਰੀ ਮਿਲ ਰਹੀ ਹੈ। ਪੁੱਛਗਿੱਛ ਕੇਂਦਰ ਖੋਲ੍ਹੇ ਗਏ ਹਨ, ਸਿਹਤ ਸਹੂਲਤਾਂ, ਪਸ਼ੂ ਡਿਸਪੈਂਸਰੀਆਂ, ਪੀਣ ਵਾਲਾ ਸਾਫ ਪਾਣੀ, ਟਾਇਲਟ ਬਲਾਕ, ਬੇਬੀ ਫੀਡਿੰਗ ਰੂਮ ਤਿਆਰ ਕੀਤੇ ਗਏ ਹਨ। ਪ੍ਰਸਾਸ਼ਨ ਵੱਲੋ ਦਿਨ ਰਾਤ ਮਿਹਨਤ ਕਰਕੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ।
ਕੈਬਨਿਟ ਮੰਤਰੀ ਨੇ ਹੋਰ ਦੱਸਿਆ ਕਿ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਿਤ ਕਰਕੇ ਇਸ ਇਲਾਕੇ ਦੇ ਲੋਕਾਂ ਦੇ ਵਪਾਰ ਕਾਰੋਬਾਰ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਹੋ ਜਾਣਗੇ। ਪੰਜ ਪਿਆਰਾ ਪਾਰਕ ਦਾ ਨਵੀਨੀਕਰਨ ਮੁਕੰਮਲ ਹੋ ਗਿਆ ਹੈ, ਭਾਈ ਜੈਤਾ ਜੀ ਦੀ ਯਾਦਗਾਰ ਜਲਦੀ ਲੋਕ ਅਰਪਣ ਹੋ ਜਾਵੇਗੀ, ਆਧੁਨਿਕ ਤਕਨੋਲੋਜੀ ਨਾਲ ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ ਤਿਆਰ ਕੀਤਾ ਜਾ ਰਿਹਾ ਹੈ। ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਸੜਕ ਦੀ ਨੁਹਾਰ ਬਦਲੀ ਗਈ ਹੈ
ਯਾਤਰੀ ਸੂਚਨਾ ਕੇਂਦਰ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ, ਕਿਸਾਨ ਹਵੇਲੀ ਦੇ ਨਵੀਨੀਕਰਨ ਅਤੇ ਅਗੰਮਪੁਰ ਅਨਾਜ ਮੰਡੀ ਵਿੱਚ ਸਟੀਲ ਸੈਂਡ ਦੀ ਪ੍ਰਵਾਨਗੀ ਹੋ ਗਈ ਹੈ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਵਿਆਪਕ ਮੁਰੰਮਤ ਕਰਵਾਈ ਗਈ ਹੈ, ਜਿਹੜੇ ਵਿਕਾਸ ਦੇ ਕੰਮ ਬਕਾਇਆ ਹਨ, ਉਹ ਵੀ ਜਲਦੀ ਮੁਕੰਮਲ ਹੋ ਜਾਣਗੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਦੋ ਸਕੂਲ ਆਂਫ ਐਮੀਨੈਂਸ ਨੰਗਲ ਤੇ ਕੀਰਤਪੁਰ ਸਾਹਿਬ ਵਿੱਚ ਸੁਰੂ ਕੀਤੇ ਗਏ ਹਨ। ਸਰਕਾਰੀ ਲੜਕਿਆਂ ਦੇ ਸਕੂਲ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ 1.50 ਕਰੋੜ ਤੇ 2 ਕਰੋੜ ਦੀ ਲਾਗਤ ਨਾਲ ਨੁਹਾਰ ਬਦਲੀ ਜਾ ਰਹੀ ਹੈ। ਸਿੱਖਿਆ ਸੁਧਾਰਾ ਦੀ ਦਿਸ਼ਾ ਵਿੱਚ ਜਿਕਰਯੋਗ ਉਪਰਾਲੇ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਦੀ ਸਭ ਤੋ ਇਮਾਨਦਾਰ ਸਰਕਾਰ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋ ਇਮਾਨਦਾਰ ਮੁੱਖ ਮੰਤਰੀ ਹਨ, ਜਿਹੜੇ ਵਿਕਾਸ ਦੇ ਕੰਮ ਸਾਡੀ ਸਰਕਾਰ ਕਰ ਰਹੀ ਹੈ, ਉਨ੍ਹਾਂ ਦੀ ਲਾਗਤ ਪਹਿਲਾ ਨਾਲੋ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਨੂੰ ਸਥਾਈ ਤੌਰ ਤੇ ਫਾਇਰ ਟੈਂਡਰ ਮਿਲ ਜਾਵੇਗਾ। ਉਨ੍ਹਾਂ ਨੇ ਪ੍ਰਸਾਸ਼ਨ ਵੱਲੋਂ ਹੋਲਾ ਮਹੱਲਾ ਦੌਰਾਨ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ।