
ਕਲੀਨ ਏਅਰ ਪੰਜਾਬ ਦੀ ਆਗੂ ਅਤੇ ਸੰਸਥਾਪਕ ਮੈਂਬਰ ਹੈ ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ ਜੋ ਕਲੀਨ ਏਅਰ ਪੰਜਾਬ ਦੀ ਆਗੂ ਅਤੇ ਸੰਸਥਾਪਕ ਮੈਂਬਰ ਹੈ। ਸੱਤ ਸਾਲਾਂ ਦੇ ਤਜ਼ਰਬੇ ਦੇ ਨਾਲ, ਉਹ ਹਵਾ ਨੂੰ ਬਿਹਤਰ ਬਣਾਉਣ ਲਈ ਪਹਿਲਕਦਮੀਆਂ ਦੀ ਅਗਵਾਈ ਕਰਦੇ ਆ ਰਹੇ ਹਨ ਪਰ ਦਸੰਬਰ 2024 ਵਿੱਚ ਉਨ੍ਹਾਂ ਨਾਲ ਕੁਝ ਅਜਿਹਾ ਵਾਪਰਿਆ ਜਿਸ ਬਾਰੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
''ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਸਾਫ਼ ਹਵਾ ਲਈ ਆਪਣੀ ਲੜਾਈ ਵਿੱਚ ਕੇਸ ਸਟੱਡੀ ਬਣਾਂਗੀ। ਮੈਂ ਪ੍ਰਦੂਸ਼ਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ, ਨੀਤੀ ਵਿੱਚ ਤਬਦੀਲੀ ਲਈ ਜ਼ੋਰ ਦੇਣ, ਅਤੇ ਜਨਤਕ ਸਿਹਤ 'ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਆਪਣੇ ਦਿਨ ਬਿਤਾਉਂਦੀ ਹਾਂ ਪਰ ਦਸੰਬਰ 2024 ਵਿੱਚ, ਜਿਸ ਸੰਕਟ ਬਾਰੇ ਮੈਂ ਲੰਬੇ ਸਮੇਂ ਤੋਂ ਚੇਤਾਵਨੀ ਦਿੱਤੀ ਸੀ, ਉਹ ਬਹੁਤ ਨਿੱਜੀ ਬਣ ਗਿਆ।
ਦਰਅਸਲ ਮੈਨੂੰ ਮਾਮੂਲੀ ਖੰਘ ਹੋਈ। ਕੁਝ ਦਿਨਾਂ ਬਾਅਦ ਇਹ ਆਪਣੇ ਆਪ ਹਟ ਗਈ। ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਮੈਂ ਦਵਾਈਆਂ ਨਹੀਂ ਲਈਆਂ, ਕਿਉਂਕਿ ਉਸ ਵੇਲੇ ਮੇਰਾ ਬੱਚਾ ਦੁੱਧ ਚੁੰਘਦਾ ਸੀ। ਜਨਵਰੀ ਤੱਕ, ਖੰਘ ਬਦਤਰ ਹੋ ਗਈ ਸੀ, ਮੈਨੂੰ ਸਾਹ ਚੜ੍ਹਨ ਲੱਗ ਪਿਆ ਸੀ। ਮੇਰੀਆਂ ਪਸਲੀਆਂ ਵਿੱਚ ਦਰਦ, ਮੇਰੀ ਛਾਤੀ ਵਿਚ ਜਲਨ ਹੋਣ ਲੱਗ ਪਈ। ਮੈਂ ਦਵਾਈਆਂ 'ਤੇ ਨਿਰਭਰ ਹੋ ਗਈ ਸੀ ਪਰ ਜਦੋਂ ਦਵਾਈਆਂ ਬੰਦ ਕਰ ਦਿੱਤੀਆਂ ਫਿਰ ਚੱਕਰ ਆਉਣੇ ਸ਼ੁਰੂ ਹੋ ਗਏ।
ਮੈਨੂੰ ਡਰ ਲੱਗਣ ਲੱਗ ਪਿਆ ਕਿ ਕੀ ਮੈਨੂੰ ਛੂਤ ਵਾਲੀ ਬੀਮਾਰੀ ਤਾਂ ਨਹੀਂ ਕਿਉਂਕਿ ਮੇਰਾ ਬੱਚਾ ਛੋਟਾ ਸੀ। ਛੇ ਹਫ਼ਤਿਆਂ ਦੇ ਅੰਦਰ ਮੇਰੀ ਹਾਲਤ ਵਿਗੜ ਗਈ। ਛਾਤੀ ਦਾ ਐਕਸ-ਰੇ ਕਰਵਾਇਆ ਫਿਰ ਪਤਾ ਲੱਗਾ ਕਿ ਇੱਕ ਲਾਗ ਨਹੀਂ, ਪਰ ਇੱਕ ਐਲਰਜੀ ਵਾਲੀ ਖੰਘ ਹੈ। ਮੈਂ ਸੋਚਣ ਲੱਗ ਪਈ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ, ਕੀ ਲੁਧਿਆਣਾ ਦੀ ਖ਼ਤਰਨਾਕ ਪ੍ਰਦੂਸ਼ਿਤ ਹਵਾ?
ਮੈਨੂੰ ਠੀਕ ਹੋਣ ਲਈ ਦਵਾਈਆਂ ਦਿੱਤੀਆਂ ਗਈਆਂ ਮੈ ਸੋਚਣ ਲਈ ਮਜਬੂਰ ਹੋ ਗਈ ਕਿ ਜਿਸ ਹਵਾ ਨੂੰ ਮੈਂ ਸਾਫ਼ ਕਰਨ ਲਈ ਸੰਘਰਸ਼ ਕਰ ਕਰ ਰਹੀ ਹਾਂ, ਕੀ ਉਹ ਮੈਨੂੰ ਜ਼ਹਿਰ ਦੇ ਰਹੀ ਹੈ? ਪਰ ਇਹ ਸਿਰਫ਼ ਮੇਰੀ ਕਹਾਣੀ ਨਹੀਂ ਹੈ। ਇਹ ਪੰਜਾਬ, ਦਿੱਲੀ ਅਤੇ ਉੱਤਰੀ ਭਾਰਤ ਦੇ ਲੱਖਾਂ ਲੋਕਾਂ ਦੀ ਅਸਲੀਅਤ ਹੈ, ਜਿੱਥੇ ਹਵਾ ਜ਼ਹਿਰੀਲੇ ਤੱਤਾਂ ਨਾਲ ਭਰੀ ਹੋਈ ਹੈ। ਫ਼ੇਫ਼ੜਿਆਂ ਦੀ ਬਿਮਾਰੀ ਤੋਂ ਪੀੜਤ ਕਿਸਾਨ, ਸਕੂਲੀ ਦਿਨਾਂ ਦੌਰਾਨ ਘਬਰਾ ਰਹੇ ਬੱਚੇ, ਬੰਦ ਖਿੜਕੀਆਂ ਪਿੱਛੇ ਦਮ ਘੁੱਟ ਰਹੇ ਬਜ਼ੁਰਗ ਹਨ।
ਲੁਧਿਆਣਾ ਵਿੱਚ ਇਕ ਆਸ਼ਾ ਵਰਕਰ ਨੇ ਇੱਕ ਘਟਨਾ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਉਦਯੋਗ ਦੇ ਪ੍ਰਦੂਸ਼ਣ ਕਾਰਨ ਬੀਮਾਰ ਹੋ ਗਈ ਸੀ। ਜਦੋਂ ਉਹ ਡਾਕਟਰ ਕੋਲ ਗਈ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਜਿੱਥੇ ਰਹਿੰਦੀ ਹੈ, ਉਸ ਕਾਰਨ ਉਸ ਦੇ ਫ਼ੇਫ਼ੜੇ ਕਮਜ਼ੋਰ ਹੋ ਗਏ ਹਨ। ਅਸੀਂ ਹਵਾ ਨੂੰ ਆਪ ਜ਼ਹਿਰੀਲੀ ਬਣਾਇਆ ਹੈ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਸਾਫ਼ ਹਵਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ ਇਹ ਇੱਕ ਅਧਿਕਾਰ ਹੈ। ਫਿਰ ਵੀ, ਲੁਧਿਆਣਾ ਵਰਗੇ ਸ਼ਹਿਰਾਂ ਵਿੱਚ, ਇਹ ਪਹੁੰਚ ਤੋਂ ਬਾਹਰ ਹੈ। ਉਦਯੋਗਿਕ ਨਿਕਾਸ, ਵਾਹਨ ਪ੍ਰਦੂਸ਼ਣ ਅਤੇ ਬੇਕਾਬੂ ਉਸਾਰੀ ਧੂੜ ਜਨਤਕ ਸਿਹਤ 'ਤੇ ਤਬਾਹੀ ਮਚਾ ਰਹੀ ਹੈ। ਸਾਨੂੰ ਸਖ਼ਤ ਨਿਕਾਸੀ ਨੀਤੀਆਂ, ਬਿਹਤਰ ਲਾਗੂ ਕਰਨ ਅਤੇ ਟਿਕਾਊ ਸ਼ਹਿਰੀ ਯੋਜਨਾਬੰਦੀ ਦੀ ਲੋੜ ਹੈ। ਮੇਰੇ ਲਈ, ਸਾਫ਼ ਹਵਾ ਲਈ ਲੜਾਈ ਹੁਣ ਸਿਰਫ਼ ਪੇਸ਼ੇਵਰ ਨਹੀਂ ਰਹੀ ਸਗੋਂ ਇਹ ਬਹੁਤ ਨਿੱਜੀ ਬਣ ਗਈ ਹੈ।''
(ਗੁਰਪ੍ਰੀਤ ਕੌਰ, ਕਲੀਨ ਏਅਰ ਪੰਜਾਬ ਦੀ ਆਗੂ ਅਤੇ ਸੰਸਥਾਪਕ ਮੈਂਬਰ)