
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਜੇ ਚੋਣ ਮੈਨੀਫ਼ੈਸਟੋ ਵਿਚ..
ਚੰਡੀਗੜ੍ਹ, 19 ਜੁਲਾਈ (ਜੀ.ਸੀ. ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਜੇ ਚੋਣ ਮੈਨੀਫ਼ੈਸਟੋ ਵਿਚ ਕੀਤੇ ਕਿਸਾਨੀ ਕਰਜ਼ੇ ਮੁਆਫ਼ੀ ਅਤੇ ਹੋਰ ਵਾਅਦੇ ਪੂਰੇ ਕਰਨ ਲਈ ਟਾਲ ਮਟੋਲ ਕਰਨਾ ਸੀ ਤਾਂ ਲੋਕਾਂ ਨੂੰ ਗੁਮਰਾਹ ਕਿਉਂ ਕੀਤਾ ਅਤੇ ਭੁਲੇਖਾ ਪਾ ਕੇ ਤੇ ਧੋਖਾ ਕਰ ਕੇ ਸਰਕਾਰ ਕਿਉਂ ਬਣਾਈ।
ਅੱਜ ਇਥੇ ਅਕਾਲੀ ਦਲ ਦਫ਼ਤਰ ਵਿਚ 23 ਮੈਂਬਰੀ ਉੱਚ ਪਧਰੀ ਕੋਰ ਕਮੇਟੀ ਦੀ ਕੀਤੀ ਬੈਠਕ ਮਗਰੋਂ, ਮੀਡੀਆ ਨਾਲ ਕੀਤੀ ਗੱਲਬਾਤ ਵਿਚ ਸੀਨੀਅਰ ਬਾਦਲ ਨੇ ਕਿਹਾ ਕਿ ਕਿਸਾਨੀ ਕਰਜ਼ੇ ਮੁਆਫ਼ੀ ਵਲ ਕੈਪਟਨ ਸਰਕਾਰ ਨੇ ਕੋਈ ਕਦਮ ਨਹੀਂ ਉਠਾਇਆ, ਸਿਰਫ਼ ਟੀਐਸ ਹੱਕ ਕਮੇਟੀ ਬਣਾਈ, ਵਿਧਾਨ ਸਭਾ ਦੀ ਪੰਜ ਮੈਂਬਰੀ ਹਾਊਸ ਕਮੇਟੀ ਗਠਤ ਕੀਤੀ, ਕਿਸਾਨਾਂ ਨੂੰ ਭੰਬਲਭੂਸੇ ਵਿਚ ਪਾਇਆ, ਕਿਸੇ ਦਾ ਧੇਲਾ ਮੁਆਫ਼ ਨਹੀਂ ਕੀਤਾ, ਚਾਰ ਮਹੀਨੇ ਹੋ ਗਏ ਸਿਰਫ਼ ਐਲਾਨ ਹੀ ਕੀਤੇ। ਸ. ਬਾਦਲ ਨੇ ਕਿਹਾ ਕਿ ਪੀੜਤ ਕਿਸਾਨਾਂ ਤੇ ਬਾਕੀ ਲੋਕਾਂ ਨਾਲ ਕੀਤੇ ਧੋਖੇ ਕਾਰਨ ਕੈਪਟਨ ਸਰਕਾਰ ਅਸਤੀਫ਼ਾ ਦੇਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੋਚ ਕੇ ਵਾਅਦੇ ਕਰਨੇ ਚਾਹੀਦੇ ਸਨ ਅਤੇ ਲੋਕਾਂ ਨਾਲ ਸਟੰਟਬਾਜ਼ੀ ਨਹੀਂ ਕਰਨੀ ਚਾਹੀਦੀ ਸੀ।
ਪੰਜਾਬ ਦੇ ਪਾਣੀਆਂ, ਐਸਵਾਈਐਲ ਨਹਿਰ ਦੀ ਉਸਾਰੀ, ਹਰਿਆਣਾ ਨਾਲ ਗੁਪਤੀ ਸਮਝੌਤਾ ਅਤੇ ਹੋਰ ਮੁਦਿਆਂ 'ਤੇ ਲਏ ਫ਼ੈਸਲਿਆਂ ਸਬੰਧੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦਰਿਆਈ ਪਾਣੀ, ਪੰਜਾਬ ਦੇ ਲੋਕਾਂ ਦੀ ਜਿੰਦ ਜਾਨ ਹੈ, ਨਾ ਨਹਿਰ ਪੁੱਟਣ ਦਿਆਂਗੇ ਤੇ ਨਾ ਹੀ ਇਸ ਦਾ ਪਾਣੀ ਜਾਣ ਦਿਆਂਗੇ। ਅਕਾਲੀ ਦਲ ਮੋਰਚੇ ਲਾਏਗਾ, ਸੰਵਿਧਾਨ ਤਹਿਤ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਰਹੇਗਾ ਅਤੇ ਅਪਣੇ ਹਕਾਂ ਨੂੰ ਮਹਿਫੂਜ਼ ਰਖੇਗਾ। ਵੱਡੇ ਬਾਦਲ ਨੇ ਸਾਫ਼ ਕਿਹਾ ਕਿ ਕਾਂਗਰਸ ਸਰਕਾਰ ਨੇ ਹਰਿਆਣਾ ਨਾਲ ਅੰਦਰੋਂ-ਅੰਦਰੀ ਸੌਦਾ ਕਰ ਲਿਆ ਹੈ, ਗੁਪਤ ਲੈਣ-ਦੇਣ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਪੰਜਾਬ ਨਾਲ ਧੋਖਾ ਕਰਦੀ ਰਹੀ ਹੈ। ਪੰਜਾਬ ਕੋਲ ਨਾ ਵਾਧੂ ਪਾਣੀ ਹੈ ਅਤੇ ਨਾ ਹੀ ਗ਼ੈਰ ਰਾਇਪੇਰੀਅਨ ਰਾਜ ਹਰਿਆਣਾ ਨੂੰ ਪਾਣੀ ਜਾਣ ਦਿਤਾ ਜਾਵੇਗਾ।
ਬੈਠਕ ਤੋਂ ਬਾਹਰ ਆ ਕੇ ਸਾਬਕਾ ਉਪ ਮੁੱਖ ਮੰਤਰੀ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨਹਿਰ ਦੇ ਮੁੱਦੇ 'ਤੇ ਕਿਹਾ ਕਿ ਨਾ ਨਹਿਰ ਬਣੂੰ, ਨਾ ਬਣਨ ਦਿਆਂਗੇ ਅਤੇ ਨਾ ਹੀ ਪਾਣੀ ਇਸ ਵਿਚ ਜਾਣਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੀਐਸਟੀ ਵਾਲਾ ਭਾਰ ਧਾਰਮਕ ਥਾਵਾਂ ਦੀ ਸਮੱਗਰੀ ਅਤੇ ਖੇਤੀ ਦੇ ਟਰੈਕਟਰ ਅਤੇ ਹੋਰ ਪੁਰਜਿਆਂ 'ਤੇ ਨਹੀਂ ਲਗਣਾ ਚਾਹੀਦਾ। ਸੂਬੇ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੇਂਦਰੀ ਜੀਐਸਟੀ ਕੌਂਸਲ ਦਾ ਅਹਿਮ ਮੈਂਬਰ ਹੈ ਜਿਸ ਕੋਲ 66 ਫ਼ੀ ਸਦੀ ਅਧਿਕਾਰ ਹੁੰਦੇ ਹਨ। ਮਨਪ੍ਰੀਤ ਨੂੰ ਚਾਹੀਦਾ ਸੀ ਕਿ ਉਹ ਪੰਜਾਬ ਲਈ ਜੀਐਸਟੀ ਮੁਆਫ਼ੀ ਵਾਸਤੇ ਜਾਂ ਘੱਟ ਕਰਨ ਦੀ ਵਕਾਲਤ ਕਰਦੇ।
ਸੁਖਬੀਰ ਬਾਦਲ ਨੇ ਕਿਹਾ ਕਿ ਇਕ ਉੱਚ ਪਧਰੀ ਵਫ਼ਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇਕ-ਦੋ ਦਿਨਾਂ ਵਿਚ ਮਿਲੇਗਾ ਅਤੇ ਵਕਾਲਤ ਕਰੇਗਾ ਕਿ ਗੁਰਦਵਾਰਿਆਂ, ਮੰਦਰਾਂ, ਗਿਰਜਾਘਰਾਂ ਅਤੇ ਹੋਰ ਵਰਤੀਆਂ ਜਾਂਦੀਆਂ ਵਸਤਾਂ 'ਤੇ ਟੈਕਸ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਖੇਤੀ ਸੰਦਾਂ 'ਤੇ ਨਵਾਂ ਟੈਕਸ ਲਾਉਣਾ ਹੈ ਤਾਂ ਫ਼ਸਲਾਂ ਦੇ ਘਟੋ-ਘੱਟ ਸਮਰਥਨ ਮੁੱਲ ਨੂੰ ਵਧਾਇਆ ਜਾਵੇ। ਪੰਜਾਬ ਵਿਚ ਹੋਰ ਨਵੇਂ ਟੈਕਸ ਲਗਾਏ ਜਾਣ 'ਤੇ ਖ਼ਦਸ਼ਾ ਪ੍ਰਗਟ ਕਰਦਿਆਂ ਅਕਾਲੀ ਨੇਤਾ ਨੇ ਕਿਹਾ ਕਿ ਆਦਮਨੀ ਦੇ ਵਾਧੂ ਸਰੋਤਾਂ ਦੇ ਬਹਾਨੇ ਕਾਂਗਰਸ ਸਰਕਾਰ ਨੇ 20 ਹਜ਼ਾਰ ਕਰੋੜ ਦਾ (ਬਾਕੀ ਸਫ਼ਾ 10 'ਤੇ)
ਹੋਰ ਪਾਰ ਪਾਉਣਾ ਹੈ, ਜੋ ਲੋਕਾਂ ਨਾਲ ਵੱਡਾ ਧੋਖਾ ਹੋਵੇਗਾ। ਮਾੜੀ ਕਾਨੂੰਨ ਵਿਵਸਥਾ 'ਤੇ ਟਿਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦਿਨ ਦਿਹਾੜੇ ਕਤਲ ਵਧ ਗਏ, ਗਿਰਜਾ ਘਰ ਦੇ ਪਾਦਰੀ ਨੂੰ ਮਾਰ ਦਿਤਾ ਅਤੇ ਅਕਾਲੀ ਵਰਕਰਾਂ ਤੇ ਲੀਡਰਾਂ ਵਿਰੁਧ ਬਦਲੇ ਦੀ ਭਾਵਨਾ ਨਾਲ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ 25 ਜੁਲਾਈ ਸ਼੍ਰੋਮਣੀ ਅਕਾਲੀ ਦਲ, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਜਬਰ ਵਿਰੁਧ ਅੰਦੋਲਨ ਸ਼ੁਰੂ ਹੋਵੇਗਾ। ਦੋ ਘੰਟੇ ਚੱਲੀ ਕੋਰ ਕਮੇਟੀ ਦੀ ਬੈਠਕ ਵਿਚ ਕਈ ਮਤੇ ਪਾਸ ਕੀਤੇ ਗਏ। ਇਸ ਬੈਠਕ ਵਿਚ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਐਮਪੀ ਬਲਵਿੰਦਰ ਸਿੰਘ ਭੂੰਦੜ, ਅਜੀਤ ਸਿੰਘ ਕੋਹਾੜ, ਚਰਨਜੀਤ ਅਟਵਾਲ, ਸੇਵਾ ਸਿੰਘ ਸੇਖਵਾਂ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਅਵਤਾਰ ਸਿੰਘ ਹਿੱਤ, ਸ਼ਰਨਜੀਤ ਢਿੱਲੋਂ, ਬਲਦੇਵ ਮਾਨ, ਸੁਰਜੀਤ ਰੱਖਣਾ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ ਤੇ ਸਿਕੰਤਰ ਸਿੰਘ ਮਲੂਕਾ ਸ਼ਾਮਲ ਹੋਏ। ਗ਼ੈਰ ਹਾਜ਼ਰਾਂ ਵਿਚ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ, ਤੋਤਾ ਸਿੰਘ, ਬਿਕਰਮ ਮਜੀਠੀਆ ਅਤੇ ਡਾ. ਉਪਿੰਦਰਜੀਤ ਕੌਰ ਸ਼ਾਮਲ ਸਨ।