
ਸੀ.ਬੀ.ਆਈ. ਨੇ ਸੋਮਵਾਰ ਰਾਤੀ ਇੰਡੀਅਨ ਫ਼ਾਰੈਸਟ ਸਰਵਿਸ (ਆਈ ਐਫ਼ ਐਸ) ਅਧਿਕਾਰੀ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਚੰਡੀਗੜ੍ਹ, 18 ਜੁਲਾਈ (ਤਰੁਣ ਭਜਨੀ): ਸੀ.ਬੀ.ਆਈ. ਨੇ ਸੋਮਵਾਰ ਰਾਤੀ ਇੰਡੀਅਨ ਫ਼ਾਰੈਸਟ ਸਰਵਿਸ (ਆਈ ਐਫ਼ ਐਸ) ਅਧਿਕਾਰੀ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। 2004 ਬੈਚ ਆਈ.ਐਫ਼.ਐਸ. ਅਧਿਕਾਰੀ ਬਿਰੇਂਦਰ ਚੌਧਰੀ ਯੂ.ਟੀ. ਜੰਗਲਾਤ ਵਿਭਾਗ ਵਿਚ ਡਿਪਟੀ ਕੰਜਰਵੇਟਰ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵਿਚ ਮੈਂਬਰ ਸਕੱਤਰ ਦੇ ਅਹੁਦੇ 'ਤੇ ਤੈਨਾਤ ਸਨ। ਸੀ.ਬੀ.ਆਈ. ਨੇ ਬਿਰੇਂਦਰ ਚੌਧਰੀ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਰਿਸ਼ਵਤ ਦੀ ਰਕਮ ਨਾਲ ਕਾਬੂ ਕੀਤਾ ਹੈ। ਮੰਗਲਵਾਰ ਸੀ.ਬੀ.ਆਈ. ਨੇ ਬਿਰੇਂਦਰ ਚੌਧਰੀ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ।
ਜਾਣਕਾਰੀ ਅਨੁਸਾਰ ਬਿਰੇਂਦਰ ਚੌਧਰੀ ਨੇ ਪ੍ਰਦੂਸ਼ਣ ਸਰਟੀਫ਼ੀਕੇਟ ਦੇਣ ਦੇ ਨਾਂ 'ਤੇ ਉਦਯੋਗਿਕ ਖੇਤਰ ਸਥਿਤ ਆਰਾ ਮਸ਼ੀਨ ਚਲਾਉਣ ਵਾਲੇ ਚਾਰ ਲੋਕਾਂ ਤੋਂ 50-50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਉਕਤ ਅਧਿਕਾਰੀ ਨੇ ਉਨ੍ਹਾ ਨੂੰ ਕੰਮ ਵਿਚ ਖਾਮੀਆਂ ਕਰ ਕੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਰਾਜਿੰਦਰ ਕੁਮਾਰ ਦੇ ਨਾਲ ਤਿੰਨ ਹੋਰ ਲੋਕ ਬਿਰੇਂਦਰ ਚੌਧਰੀ ਨੂੰ ਮਿਲੇ ਸਨ।
ਕਈ ਵਾਰੀ ਵਿਭਾਗ ਦੇ ਚੱਕਰ ਕੱਟਣ ਤੋਂ ਬਾਅਦ ਬਿਰੇਂਦਰ ਚੌਧਰੀ ਨੇ ਰਿਸ਼ਵਤ ਦੇ ਰੂਪ ਵਿਚ ਉਕਤ ਰਕਮ ਦੀ ਮੰਗ ਕੀਤੀ। ਸੌਦਾ 25-25 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਚਾਰੇ ਜਣਿਆਂ ਨੂੰ ਇਕ ਲੱਖ ਰੁਪਏ ਰਿਸ਼ਵਤ ਦੇਣ ਲਈ ਕਿਹਾ ਗਿਆ। ਇਸ ਤੋਂ ਬਾਅਦ ਸੀਬੀਆਈ ਅਧਿਕਾਰੀਆਂ ਨੂੰ ਆਰਾ ਮਸ਼ੀਨ ਚਲਾਉਣ ਵਾਲੇ ਰਾਜਿੰਦਰ ਕੁਮਾਰ ਨੇ ਸ਼ਿਕਾਇਤ ਦਿਤੀ ਸੀ ਜਿਸ 'ਤੇ ਸੀਬੀਆਈ ਨੇ ਜਾਲ ਵਿਛਾਇਆ। ਬੀਰੇਂਦਰ ਚੌਧਰੀ ਨੇ ਚਾਰਾਂ ਨੂੰ ਰਿਸ਼ਵਤ ਦੀ ਰਕਮ ਦੇਣ ਲਈ ਸੋਮਵਾਰ ਰਾਤ 9:30 ਵਜੇ ਸੈਕਟਰ-27 ਵਿਚ ਸਦਿਆ। ਤੈਅ ਸਮੇ ਮੁਤਾਬਕ ਚਾਰੇ ਰਿਸ਼ਵਤ ਦੀ ਰਕਮ ਲੈ ਕੇ ਸੈਕਟਰ-27 ਪਹੁੰਚ ਗਏ। ਜਿਵੇਂ ਹੀ ਬੀਰੇਂਦਰ ਨੇ ਰਿਸ਼ਵਤ ਦੀ ਰਕਮ ਹੱਥ ਵਿਚ ਫੜੀ ਸੀਬੀਆਈ ਨੇ ਉਸ ਨੂੰ ਕਾਬੂ ਕਰ ਲਿਆ।
ਸੀ.ਬੀ.ਆਈ. ਨੂੰ ਘਰ ਦੀ ਤਲਾਸ਼ੀ ਦੌਰਾਨ 2 ਲੱਖ ਰੁਪਏ ਦੀ ਨਕਦੀ ਤੋਂ ਇਲਵਾ ਬੈਂਕ ਖ਼ਾਤੇ ਦੀ ਡਿਟੇਲ ਅਤੇ ਹੋਰ ਜ਼ਰੂਰੀ ਦਸਤਾਵੇਜ ਬਰਾਮਦ ਹੋਏ ਹਨ। ਬੀਰੇਂਦਰ ਕੁਮਾਰ ਇਸ ਤੋਂ ਪਹਿਲਾਂ ਮੁੰਬਈ ਦੇ ਦਾਦਰ ਵਿਚ ਤੈਨਾਤ ਸੀ, ਉਥੇ ਵੀ ਉਹ 2010 ਵਿਚ ਰਿਸ਼ਵਤ ਲੈਂਦੇ ਫੜੇ ਗਏ ਸਨ।