
ਪੰਜਾਬ ਵਿਚ ਮਾਨਸੂਨ ਪੌਣਾਂ ਦੀ ਆਮਦ ਹਰ ਸਾਲ 30 ਜੂਨ ਦੇ ਨੇੜੇ-ਤੇੜੇ ਹੋ ਜਾਂਦੀ ਹੈ ਪਰ ਇਸ ਵਾਰ ਪਹਿਲਾਂ ਤਾਂ ਮਾਨਸੂਨ ਪੌਣਾਂ ਕਈ ਦਿਨ ਦੇਰ ਨਾਲ ਪਹੁੰਚੀਆਂ ਤੇ ਦੂਜਾ..
ਅਮਰਗੜ੍ਹ, 20 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿਚ ਮਾਨਸੂਨ ਪੌਣਾਂ ਦੀ ਆਮਦ ਹਰ ਸਾਲ 30 ਜੂਨ ਦੇ ਨੇੜੇ-ਤੇੜੇ ਹੋ ਜਾਂਦੀ ਹੈ ਪਰ ਇਸ ਵਾਰ ਪਹਿਲਾਂ ਤਾਂ ਮਾਨਸੂਨ ਪੌਣਾਂ ਕਈ ਦਿਨ ਦੇਰ ਨਾਲ ਪਹੁੰਚੀਆਂ ਤੇ ਦੂਜਾ, ਮਾਨਸੂਨ ਪੌਣਾਂ ਨੇ ਅਪਣਾ ਜਲਵਾ ਨਹੀਂ ਵਿਖਾਇਆ। ਪਿਛਲੇ ਕੁੱਝ ਦਿਨਾਂ ਤੋਂ ਹੁੰਮਸ ਭਰੀ ਗਰਮੀ ਨੇ ਪੰਜਾਬ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।
ਜੂਨ ਮਹੀਨੇ 'ਚ ਕੁੱਝ ਦਿਨ ਭਰਵੇਂ ਮੀਂਹ ਨੇ ਠੰਢ ਵਰਤਾਈ ਰੱਖੀ ਪਰ ਪਿਛਲੇ ਕੁੱਝ ਦਿਨਾਂ ਤੋਂ ਪਏ ਸੋਕੇ ਨੇ ਬੁਰੇ ਹਾਲ ਕੀਤੇ ਹੋਏ ਹਨ। ਮੌਸਮ ਵਿਭਾਗ ਨੇ ਇਸ ਸਾਲ ਭਾਵੇਂ ਚੰਗੀ ਮਾਨਸੂਨ ਦੀ ਭਵਿੱਖਬਾਣੀ ਕੀਤੀ ਸੀ ਪਰ ਪੰਜਾਬ ਤਾਂ ਹੁਣ ਤਕ ਸੁੱਕਾ ਹੀ ਰਹਿ ਗਿਆ ਹੈ ਜਦਕਿ ਹੋਰਨਾਂ ਕਈ ਮੱਧ-ਪੂਰਬੀ ਸੂਬਿਆਂ ਵਿਚ ਭਰਵੇਂ ਮੀਂਹ ਕਾਰਨ ਹੜ੍ਹ ਆਏ ਹੋਏ ਹਨ।
ਜੂਨ ਮਹੀਨੇ ਬੰਗਾਲ ਦੀ ਖਾੜੀ ਅਤੇ ਹਿੰਦ ਮਹਾਂਸਾਗਰ ਵਿਚੋਂ ਉਠਣ ਵਾਲੀਆਂ ਪੂਰਬੀ ਮਾਨਸੂਨ ਹਵਾਵਾਂ ਹੁਣ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਵਿਚ ਪਹੁੰਚ ਹੀ ਨਹੀਂ ਰਹੀਆਂ ਸਗੋਂ ਪਛਮੀ ਬੰਗਾਲ, ਬਿਹਾਰ,ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ ਹੀ ਵਰ੍ਹ ਜਾਂਦੀਆਂ ਹਨ। ਪੰਜਾਬ ਦੀ ਧਰਤੀ ਦੀ ਤਪਦੀ, ਸੁੱਕੀ ਅਤੇ ਖ਼ੁਸ਼ਕ ਹਿੱਕ ਨੂੰ ਠਾਰਨ ਵਾਲੀਆਂ ਇਹ ਹਵਾਵਾਂ ਪੰਜਾਬ ਤੋਂ ਬੇਮੁਖ ਹੀ ਨਹੀਂ ਹੋਈਆਂ ਸਗੋਂ ਇਕ ਤਰ੍ਹਾਂ ਨਾਲ ਰੁੱਸ ਜਿਹੀਆਂ ਗਈਆਂ ਹਨ। ਪੰਜਾਬ ਵਿਚ ਪੂਰਬ ਵਾਲੇ ਪਾਸਿਉਂ ਦਾਖ਼ਲ ਹੋਣ ਵਾਲੀਆਂ ਮਾਨਸੂਨ ਹਵਾਵਾਂ ਪਹੁੰਚਣ ਤੋਂ ਪਹਿਲਾਂ ਜਿੰਨੀ ਵੀ ਵਰਖਾ ਹੁੰਦੀ ਹੈ, ਉਹ ਪਿਛਲੇ ਦੋ ਤਿੰਨ ਸਾਲਾਂ ਤੋਂ ਅਰਬ ਸਾਗਰ ਤੋਂ ਉਠਣ ਵਾਲੀਆਂ ਦੱਖਣ ਪਛਮੀ ਮਾਨਸੂਨ ਹਵਾਵਾਂ ਰਾਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਪੱਛਮ ਵਿਚ ਸਥਿਤ ਕੈਸਪੀਅਨ ਸਾਗਰ ਅਤੇ ਲਾਲ ਸਾਗਰ ਤੋਂ ਉੱਠਣ ਵਾਲੀਆਂ ਪਾਣੀ ਨਾਲ ਭਰੀਆਂ ਪਛਮੀ ਪੌਣਾਂ ਹਰ ਸਾਲ ਤੇਜ਼ ਵਗਦੀਆਂ ਹਨੇਰੀਆਂ ਚੱਲਣ ਤੋਂ ਬਾਅਦ ਹੀ ਮੀਂਹ ਵਰਸਾਉਂਦੀਆਂ ਹਨ।