
ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪਧਰੀ ਕੈਟਲ ਪਾਂਡਜ਼ ਵਿਚ ਰਹਿ ਰਹੇ ਗਊਧਨ ਦੀ ਸਾਂਭ-ਸੰਭਾਲ ਲਈ ਤਿੰਨ ਕਰੋੜ ਬਾਰਾ ਲੱਖ ਸਤਾਸੀ ਹਜ਼ਾਰ ਰੁਪਏ (3,12,87000/
ਚੰਡੀਗੜ੍ਹ, 4 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪਧਰੀ ਕੈਟਲ ਪਾਂਡਜ਼ ਵਿਚ ਰਹਿ ਰਹੇ ਗਊਧਨ ਦੀ ਸਾਂਭ-ਸੰਭਾਲ ਲਈ ਤਿੰਨ ਕਰੋੜ ਬਾਰਾ ਲੱਖ ਸਤਾਸੀ ਹਜ਼ਾਰ ਰੁਪਏ (3,12,87000/-) ਦੀ ਰਾਸ਼ੀ ਦਿਤੀ ਜਾਵੇਗੀ। ਅੱਜ ਇੱਥੋਂ ਜਾਰੀ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ।
File photo
ਪਸ਼ੂ ਪਾਲਣ ਮੰਤਰੀ ਸ. ਬਾਜਵਾ ਨੇ ਦਸਿਆ ਕਿ ਪੰਜਾਬ ਦੇ 20 ਜ਼ਿਲਿ੍ਹਆਂ ਵਿਚ ਕੈਟਲ ਪਾਂਡਜ਼ ਸਥਾਪਤ ਕੀਤੇ ਗਏ ਹਨ, ਜਿਥੇ 10,424 ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਜ਼ਿਲ੍ਹਾ ਪਧਰੀ ਕੈਟਲ ਪਾਂਡਜ਼ ਵਿਖੇ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣੀ ਕਮੇਟੀ ਵਲੋਂ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਰਲ ਕੇ ਕੀਤੀ ਜਾਂਦੀ ਹੈ।
ਹੁਣ ਤਕ ਇਨ੍ਹਾਂ ਪਸ਼ੂਆਂ ਦੀ ਸੰਭਾਲ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀਆਂ ਵਲੋਂ ਅਪਣੇ ਸਾਧਨਾਂ ਤੋਂ ਅਤੇ ਦਾਨ ਦੇ ਰੂਪ ਵਿਚ ਇਕੱਠੀ ਹੋਈ ਰਾਸ਼ੀ ਨਾਲ ਹੀ ਕੀਤੀ ਜਾ ਰਹੀ ਹੈ। ਸ. ਬਾਜਵਾ ਨੇ ਕਿਹਾ ਕਿ ਪਰ ਹੁਣ ਕੋਰੋਨਾ ਵਾਇਰਸ ਕਾਰਨ ਮਹਾਂਮਾਰੀ ਫੈਲਣ ਕਾਰਨ ਇਨ੍ਹਾਂ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਲਈ ਤੂੜੀ, ਹਰਾ ਚਾਰਾ, ਦਾਣਾ, ਦਵਾਈਆਂ ਆਦਿ ਵਿਚ ਭਾਰੀ ਕਮੀ ਆ ਗਈ ਹੈ। ਮੰਤਰੀ ਨੇ ਦਸਿਆ ਕਿ ਜਿਸ ਨੂੰ ਵੇਖਦਿਆਂ ਸਰਕਾਰ ਨੇ ਸਰਕਾਰ ਵਲੋਂ ਤਿੰਨ ਕਰੋੜ ਬਾਰਾਂ ਲੱਖ ਸਤਾਸੀ ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।