ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ 'ਚ ਬਰਾਬਰ ਪ੍ਰਕਾਸ਼ਤ ਕੀਤੀਆਂ ਜਾਣਗੀਆਂ ਚੋਣਵੀਆਂ ਕਿਤਾਬਾਂ
ਪੰਜਾਬੀ ’ਵਰਸਿਟੀ ਵਲੋਂ ਤਿਆਰ ਕੀਤੇ ਵਿਸ਼ੇਸ਼ ਸਾਫ਼ਟਵੇਅਰ ਰਾਹੀਂ ਲਈ ਜਾਵੇਗੀ ਮਸ਼ੀਨੀ ਲਿਪੀਆਂਤਰ ਦੀ ਮਦਦ
ਮੋਹਾਲੀ : ਪੰਜਾਬੀ ਯੂਨੀਵਰਸਿਟੀ ਵਲੋਂ ਹੁਣ ਸ਼ਾਹਮੁਖੀ ਵਿਚ ਵੀ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਾਣਗੀਆਂ। ਪੰਜਾਬੀ ’ਵਰਸਿਟੀ ਦੇ ਉਪਰਾਲੇ ਸਕਦਾ ਚੋਣਵੀਆਂ ਕਿਤਾਬਾਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਦੋਹਾਂ ਲਿਪੀਆਂ 'ਚ ਬਰਾਬਰ ਪ੍ਰਕਾਸ਼ਤ ਕੀਤਾ ਜਾਵੇਗਾ। ਇਸ ਨਾਲ ਲਹਿੰਦੇ ਪੰਜਾਬ ’ਚ ਰਹਿੰਦੇ ਪਾਠਕ ਚੜ੍ਹਦੇ ਪੰਜਾਬ ਦਾ ਗਿਆਨ ਹਾਸਲ ਕਰ ਸਕਣਗੇ।
ਦੱਸ ਦੇਈਏ ਕਿ ਇਸ ਲਈ ਪੰਜਾਬੀ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਗਏ ਵਿਸ਼ੇਸ਼ ਸਾਫ਼ਟਵੇਅਰ ਰਾਹੀਂ ਮਸ਼ੀਨੀ ਲਿਪੀਆਂਤਰ ਦੀ ਮਦਦ ਲਈ ਜਾਵੇਗੀ। ਇਸ ਬਾਰੇ ’ਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦਾ ਕਹਿਣਾ ਹੈ ਕਿ ਕੁੱਝ ਸਮੇਂ ਤੋਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਿਖੇ ਨਵੀਆਂ ਪੁਸਤਕਾਂ ਛਾਪਣ ਦੀ ਪ੍ਰਕਿਰਿਆ ਧੀਮੀ ਪੈ ਗਈ ਸੀ ਜਿਸ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪ੍ਰਸਾਰ ਭਾਰਤੀ ਦਾ ਵੱਡਾ ਫ਼ੈਸਲਾ: ਹੁਣ ‘ਆਲ ਇੰਡੀਆ ਰੇਡੀਉ’ ਨਹੀਂ, ‘ਆਕਾਸ਼ਵਾਣੀ’ ਹੋਵੇਗਾ ਨਾਂਅ
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਿਖੇ ਨਵੀਆਂ ਕਿਤਾਬਾਂ ਛਾਪਣ ਦੀ ਪ੍ਰਕਿਰਿਆ ਸੁਸਤ ਪੈ ਗਈ ਸੀ ਪਰ ਹੁਣ ਪਿਛਲੇ ਕੁੱਝ ਸਮੇਂ ਦੌਰਾਨ ਯੂਨੀਵਰਸਿਟੀ ਵਲੋਂ ਇਸ ਨੂੰ ਮੁੜ ਲੀਹ ’ਤੇ ਚੜਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਹੁਣ ਇਕ ਨਵੀਂ ਗੱਲ ਇਹ ਵੀ ਵਾਪਰੀ ਹੈ ਕਿ ਹੁਣ ਬਿਊਰੋ ਵਲੋਂ ਸ਼ਾਹਮੁਖੀ ਲਿਪੀ ਵਿਚ ਵੀ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਾਇਆ ਕਰਨਗੀਆਂ ਤਾਂ ਕਿ ਲਹਿੰਦੇ ਪੰਜਾਬ ਵਸਦੇ ਪਾਠਕਾਂ ਤਕ ਵੀ ਇਥੇ ਪੈਦਾ ਹੋ ਰਹੇ ਗਿਆਨ ਦੀ ਰਸਾਈ ਹੋ ਸਕੇ।
ਜ਼ਿਕਰਯੋਗ ਹੈ ਕਿ ਪੰਜਾਬੀ ’ਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਇਥੋਂ ਦੇ ਪਬਲੀਕੇਸ਼ਨ ਬਿਊਰੋ ਦੀਆਂ ਛੇ ਨਵੀਆਂ ਪ੍ਰਕਾਸ਼ਨਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਅਰਪਣ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਇਨ੍ਹਾਂ ਛੇ ਪੁਸਤਕਾਂ ਵਿਚੋਂ ਇਕ ‘ਭਾਈ ਵੀਰ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ’ ਦੇ ਗੁਰਮੁਖੀ ਅਤੇ ਸ਼ਾਹਮੁਖੀ ਪ੍ਰਕਾਸ਼ਨ ’ਚ ਇਸ ਮਸ਼ੀਨ ਲਿਪੀਆਂਤਰਣ ਬਾਰੇ ਸਫ਼ਲ ਪ੍ਰਯੋਗ ਕੀਤਾ ਗਿਆ ਹੈ। ਇਹ ਕਿਤਾਬ ਭਾਈ ਵੀਰ ਸਿੰਘ ਚੇਅਰ ਵਲੋਂ ਪ੍ਰਕਾਸ਼ਤ ਕਰਵਾਈ ਗਈ ਹੈ।