
ਮਾਛੀਵਾੜਾ ਦੇ ਰੋਪੜ ਮਾਰਗ 'ਤੇ ਸਥਿਤ ਇਕ ਪਿੰਡ ਦੀ ਦਲਿਤ ਭਾਈਚਾਰੇ ਨਾਲ ਸਬੰਧਿਤ 19 ਸਾਲਾ ਲੜਕੀ ਨਾਲ ਛੇੜ ਛਾੜ ਕਰਨ 'ਤੇ ਸਥਾਨਕ ਪੁਲਿਸ ਨੇ ਤਿੰਨ ...
ਸ੍ਰੀ ਮਾਛੀਵਾੜਾ ਸਾਹਿਬ, ਮਾਛੀਵਾੜਾ ਦੇ ਰੋਪੜ ਮਾਰਗ 'ਤੇ ਸਥਿਤ ਇਕ ਪਿੰਡ ਦੀ ਦਲਿਤ ਭਾਈਚਾਰੇ ਨਾਲ ਸਬੰਧਿਤ 19 ਸਾਲਾ ਲੜਕੀ ਨਾਲ ਛੇੜ ਛਾੜ ਕਰਨ 'ਤੇ ਸਥਾਨਕ ਪੁਲਿਸ ਨੇ ਤਿੰਨ ਨੌਜਵਾਨਾਂ 'ਤੇ ਆਈ. ਪੀ. ਸੀ. ਦੀ ਧਾਰਾ 354 ਡੀ. ਦੇ ਤਹਿਤ ਅਪਰਾਧਿਕ ਮਾਮਲਾ ਦਰਜ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਖ਼ਬਰ ਲਿਖੇ ਜਾਣ ਤੱਕ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਪੁਲਿਸ ਨੂੰ ਦਿਤੇ ਬਿਆਨਾਂ ਮੁਤਾਬਕ ਪੀੜਤ ਲੜਕੀ ਨੇ ਕਿਹਾ ਕਿ ਜਦੋਂ ਉਹ ਅਪਣੇ ਨੇੜਲੇ ਪਿੰਡ ਹੰਬੋਵਾਲ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੀ ਸੀ ਤਾਂ ਉਸ ਦਾ ਜੱਗੀ ਨਾਂ ਦਾ ਲੜਕਾ ਵਾਸੀ ਮੰਡ ਬੈਰਸਾਲ, ਉਸ ਦਾ ਪਿੱਛਾ ਕਰਦਾ ਸੀ। ਪਹਿਲਾਂ ਤਾਂ ਉਸ ਨੇ ਅਣਗੋਲਿਆਂ ਕਰ ਦਿਤਾ ਜਦੋਂ ਉਹ ਅਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ।
ਲੜਕੀ ਦੇ ਪਿਤਾ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਉਲਾਂਭਾ ਵੀ ਦਿਤਾ ਤੇ ਉਸ ਨੂੰ ਅਪਣੀਆਂ ਹਰਕਤਾਂ ਤੋਂ ਬਾਜ ਆਉਣ ਬਾਰੇ ਵੀ ਸਮਝਾਇਆ। ਪਰ ਉਸ ਨੇ ਹੁਣ ਸੰਦੀਪ ਸਿੰਘ, ਵਰਿੰਦਰ ਸਿੰਘ ਵਾਸੀ ਮੁਬਾਰਕਪੁਰ, ਦੋ ਹੋਰ ਨੌਜਵਾਨਾਂ ਨੂੰ ਲੈ ਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਤੇ ਉਸ ਨੂੰ ਜ਼ਬਰੀ ਫੋਨ 'ਤੇ ਗੱਲ ਕਰਨ ਲਈ ਵੀ ਕਿਹਾ ਜਿਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਪਰਚਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।