
ਇਕ ਪ੍ਰੇਮੀ ਨੇ ਪਹਿਲਾਂ ਅਪਣੀ ਪ੍ਰੇਮਿਕਾ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਸ ਦੀ ਹਤਿਆ ਕੀਤੀ ਅਤੇ ਬਾਅਦ ਵਿਚ ਖੁਦ ਵੀ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ
ਗੁਰਾਇਆ, 4 ਜੂਨ (ਸਤਪਾਲ ਸਿੰਘ): ਇਕ ਪ੍ਰੇਮੀ ਨੇ ਪਹਿਲਾਂ ਅਪਣੀ ਪ੍ਰੇਮਿਕਾ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਸ ਦੀ ਹਤਿਆ ਕੀਤੀ ਅਤੇ ਬਾਅਦ ਵਿਚ ਖੁਦ ਵੀ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੀ ਜਾਣਕਾਰੀ ਉਸ ਨੇ ਅਪਣੀ ਫ਼ੇਸਬੁੱਕ ’ਤੇ ਲਾਈਵ ਹੋ ਕੇ ਮਰਨ ਤੋਂ ਪਹਿਲਾਂ ਖ਼ੁਦ ਦਿਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਰੁੜਕਾ ਕਲਾਂ ਨੇੜੇ ਇਕ ਡੇਰੇ ਤੋਂ ਇਕ ਔਰਤ ਅਤੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ।
ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਇਹ ਲਾਸ਼ 35 ਸਾਲਾ ਮਨਪ੍ਰੀਤ ਕੌਰ ਪਤਨੀ ਨਰਿੰਦਰ ਪਾਲ ਉਰਫ ਬੱਬੀ ਦੀ ਹੈ। ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ ਜਿਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਅੱਗੇ ਦਸਿਆ ਕਿ ਉਕਤ ਔਰਤ ਅਤੇ 27 ਸਾਲਾ ਅਸਲਮ ਖਾਨ ਵਾਸੀ ਮਲੇਰਕੋਟਲਾ ਦੇ ਆਪਸੀ ਪ੍ਰੇਮ ਸਬੰਧ ਸਨ ਜੋ 2 ਜੂਨ ਨੂੰ ਡੇਰੇ ’ਤੇ ਮਨਪ੍ਰੀਤ ਕੌਰ ਕੋਲ ਆਇਆ ਸੀ।
ਅਸਲਮ ਖਾਨ ਨੇ ਫ਼ੇਸਬੁੱਕ ’ਤੇ ਲਾਈਵ ਹੋ ਕੇ ਮਰਨ ਤੋਂ ਪਹਿਲਾਂ ਦਸਿਆ ਕਿ ਉਸ ਨੇ ਇਸ ਨੂੰ ਵੀ ਜ਼ਹਿਰੀਲੀ ਚੀਜ਼ ਦੇ ਦਿਤੀ ਹੈ ਅਤੇ ਖ਼ੁਦ ਵੀ ਅਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਵਿਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ। ਉਸ ਨੇ ਅੱਗੇ ਕਿਹਾ ਕਿ ਉਸ ਦੀ ਪ੍ਰੇਮਿਕਾ ਨੇ ਉਸ ਨਾਲ ਨਿਕਾਹ ਤਾਂ ਕਰਵਾਇਆ ਪਰ ਵਿਆਹ ਕਰਵਾਉਣ ਤੋਂ ਮੁੱਕਰ ਗਈ ਜਿਸ ਕਾਰਨ ਉਸ ਨੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।