
ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਬੋਰਡ ਦਾ ਗਠਨ
ਚੰਡੀਗੜ੍ਹ, 4 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਨੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਕਰਨ ਵਾਲੇ ਪੰਜਾਬ ਰਾਜ ਭਾਸ਼ਾ ਸਲਾਹਕਾਰ ਬੋਰਡ ਦਾ ਗਠਨ ਕੀਤਾ ਹੈ। ਇਸ ਬੋਰਡ ਦੀ ਜ਼ਿਕਰਯੋਗ ਗੱਲ ਹੈ ਕਿ ‘ਰੋਜ਼ਾਨਾ ਸਪੋਕਸਮੈਨ’ ਨੂੰ ਵੀ ਇਸ ਵਿਚ ਥਾਂ ਮਿਲੀ ਹੈ। ਨਿਮਰਤ ਕੌਰ ਜੋ ਕਿ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਹਨ, ਨੂੰ ਅਖ਼ਬਾਰ ਅਤੇ ਟੈਲੀਵਿਜ਼ਨ ਨਾਲ ਸਬੰਧਤ ਮੀਡੀਆ ਸ਼ੇ੍ਰਣੀ ਵਿਚ ਗ਼ੈਰ ਸਰਕਾਰੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਸ਼ੇ੍ਰਣੀ ਵਿਚ ਦੋ ਹਰ ਮੈਂਬਰ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸਵਰਾਜਬੀਰ ਸਿੰਘ ਅਤੇ ਅਜੀਤ ਦੇ ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਗਠਿਤ ਕੀਤੇ ਗਏ ਬੋਰਡ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਉੱਚ ਸਿਖਿਆ ਅਤੇ ਭਾਸ਼ਾ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਸ ਬੋਰਡ ਦੇ ਚੇਅਰਪਰਸਨ ਹੋਣਗੇ। ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਗਠਿਤ ਇਸ ਬੋਰਡ ਵਿਚ ਸਬੰਧਤ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਜਿਹੜੀਆਂ ਹੋਰ ਸ਼ਖ਼ਸੀਅਤਾਂ ਨੂੰ ਵੱਖ ਵੱਖ ਸ਼ੇ੍ਰਣੀਆਂ ਵਿਚ ਗ਼ੈਰ ਸਰਕਾਰੀ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ,
File photo
ਉਨ੍ਹਾਂ ਵਿਚ ਸ਼ਾਇਰ ਡਾ. ਸੁਰਜੀਤ ਪਾਤਰ, ਨਾਟਕਕਾਰ ਡਾ. ਆਤਮਜੀਤ ਸਿੰਘ, ਕਹਾਣੀਕਾਰ ਵਰਿਆਮ ਸੰਧੂ, ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ, ਡਾ. ਨਾਹਰ ਸਿੰਘ, ਡਾ. ਜਸਵਿੰਦਰ ਸਿੰਘ, ਨਾਵਲਕਾਰ ਮਨਮੋਹਨ ਬਾਵਾ ਅਤੇ ਡਾ. ਜਸਬੀਰ ਸਿੰਘ ਸਾਬਰ ਦੇ ਨਾਂ ਜ਼ਿਕਰਯੋਗ ਹਨ। ਗਾਇਕ ਪੰਮੀ ਬਾਈ, ਬਲਕਾਰ ਸਿੱਧੂ ਅਤੇ ਹਰਦੀਪ ਸਿੰਘ ਪਟਿਆਲਾ ਨੂੰ ਵੀ ਬੋਰਡ ਵਿਚ ਲਿਆ ਗਿਆ ਹੈ। ਕਰਨਲ ਜਸਮੇਰ ਸਿੰਘ ਬਾਲਾ, ਡਾ. ਮੇਘਾ ਸਿੰਘ, ਡਾ. ਦੀਪਕ ਮਨਮੋਹਨ ਅਤੇ ਡਾ. ਮੇਵਾ ਸਿੰਘ ਨੂੰ ਵੀ ਗ਼ੈਰ ਸਰਕਾਰੀ ਮੈਂਬਰਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਲੇਖਕ ਅਤੇ ਸਾਹਿਤ ਸਭਾਵਾਂ ਦੇ ਪ੍ਰਤੀਨਿਧ ਵੀ ਮੈਂਬਰਾਂ ਵਿਚ ਸ਼ਾਮਲ ਕੀਤੇ ਗੲੈ ਹਨ। ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬੋਰਡ ਦਾ ਗਠਨ ਪੰਜਾਬੀ ਭਾਸ਼ਾ ਲਈ ਸ਼ੁਭ ਸ਼ਗਨ ਹੈ ਅਤੇ ਇਸ ਨਾਲ ਭਾਸ਼ਾ ਵਿਭਾਗ ਦੇ ਕੰਮ ਕਾਰ ’ਚ ਤੇਜ਼ੀ ਆਵੇਗੀ। ਪੁਰਸਕਾਰਾਂ ਦੀ ਚੋਣ ਤੋਂ ਇਲਾਵਾ ਭਾਸ਼ਾ ਨਾਲ ਜੁੜੇ ਮਾਮਲਿਆਂ ਬਾਰੇ ਵੀ ਅਹਿਮ ਪ੍ਰਗੋਰਾਮ ਇਹ ਸਲਾਹਕਾਰ ਬੋਰਡ ਬਣਾਏਗਾ।